ਪਟਿਆਲਾ :- ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਹੇ ‘ਨੌਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫ਼ੈਸਟੀਵਲ’ ਦੇ ਛੇਵੇਂ ਦਿਨ ਉੱਘੇ ਲੇਖਕ ਅਤੇ ਫਿ਼ਲਮ ਅਭਿਨੇਤਾ ਮਾਨਵ ਕੌਲ ਵੱਲੋਂ ਲਿਖਿਤ ਨਾਟਕ ‘ਪਾਰਕ’ ਨੂੰ ‘ਦਾ ਲੈਬੋਰੇਟਰੀ ਡਰਾਮਾ ਸੋਸਾਇਟੀ’ ਦੀ ਟੀਮ ਵੱਲੋਂ ਸ਼ੋਭਿਤ ਮਿਸ਼ਰਾ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ।
ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ, ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ
ਸੁਸਾਇਟੀ,ਪਟਿਆਲਾ ਵੱਲੋਂ ਕਰਵਾਏ ਜਾ ਰਹੇ ਇਸ ਥੀਏਟਰ ਫ਼ੈਸਟੀਵਲ ਵਿੱਚ ਪੇਸ਼ ਕੀਤਾ ਗਿਆ ਇਹ ਇਹ ਇੱਕ ਕਾਮੇਡੀ ਨਾਟਕ ਸੀ ਜਿਸ ਵਿੱਚ ਤਿੰਨ ਲੋਕ ਇੱਕ ਪਾਰਕ ਵਿੱਚ ਆਪਣੀ ਜਗ੍ਹਾ ਲਈ ਲੜਦੇ ਵਿਖਾਈ ਦਿੰਦੇ ਹਨ। ਨਾਟਕ ਦੀ ਕਹਾਣੀ ਅਨੁਸਾਰ ਪਾਰਕ ਵਿੱਚ ਤਿੰਨ ਬੈਂਚ ਹਨ ਅਤੇ ਬੈਠਣ ਵਾਲੇ ਵੀ ਤਿੰਨ ਹੀ ਜਣੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਇਹ ਕਾਫੀ ਨਹੀਂ ਜਾਪਦੇ। ਤਿੰਨੋ ਜਣੇ ਆਪੋ ਆਪਣੇ ਢੰਗ ਨਾਲ਼ ਆਪਣੀ ਪਸੰਦ ਦੇ ਬੈਂਚ ਉੱਤੇ ਬੈਠਣ ਲਈ ਵੱਖ-ਵੱਖ ਅੰਦਾਜ਼ ਵਿੱਚ ਦਾਅਵੇ ਠੋਕਦੇ ਹਨ। ਹਲਕੇ ਫੁਲਕੇ ਮਜ਼ਾਕੀਆ ਅੰਦਾਜ਼ ਵਿੱਚ ਸ਼ੁਰੂ ਹੁੰਦਾ ਹੋਇਆ ਇਹ ਨਾਟਕ ਥਾਂ ਹੜੱਪਣ ਅਤੇ ਮਲਕੀਅਤ ਪ੍ਰਾਪਤ ਕਰਨ ਸੰਬੰਧੀ ਮਨੁੱਖ ਦੀ ਬਿਰਤੀ ਉੱਤੇ ਤਿੱਖੇ ਕਟਾਖਸ਼ ਕਰਦਿਆਂ ਗੰਭੀਰ ਟਿੱਪਣੀਆਂ ਕਰਦਾ ਹੈ।
ਨਾਟਕ ਦੀ ਕਹਾਣੀ ਅਨੁਸਾਰ ਹਰ ਕਿਸੇ ਦੇ ਪਾਰਕ ਵਿੱਚ ਹੋਣ ਦੇ ਆਪਣੇ ਕਾਰਨ ਹਨ ਅਤੇ ਬੈਠਣ ਲਈ ਹਰ ਕੋਈ ਇੱਕ ਵਿਸ਼ੇਸ਼ ਬੈਂਚ ਚਾਹੁੰਦਾ ਹੈ ਅਤੇ ਇਸ ਤਰ੍ਹਾਂ ਦਲੀਲਾਂ ਦੀ ਇੱਕ ਲੜੀ ਸ਼ੁਰੂ ਹੁੰਦੀ ਹੈ ਕਿਉਂਕਿ ਤਿੰਨੋਂ ਆਪਣੀਆਂ ਮਨਪਸੰਦ ਸੀਟਾਂ ਦੀ ਮਲਕੀਅਤ ਦਾ ਦਾਅਵਾ ਕਰਨਾ ਚਾਹੁੰਦੇ ਹਨ। ਪਾਤਰਾਂ ਵਿਚਕਾਰ ਵਿਚਾਰਾਂ ਦਾ ਆਦਾਨ-ਪ੍ਰਦਾਨ ਸ਼ੁਰੂ ਵਿੱਚ ਉਨ੍ਹਾਂ ਦੀ ਜਾਤ, ਨਸਲ ਅਤੇ ਧਰਮ ਵਿੱਚ ਅੰਤਰ ਨੂੰ ਉਜਾਗਰ ਕਰਦਾ ਹੈ, ਪਰ ਛੇਤੀ ਹੀ ਅਰਬ ਯੁੱਧ, ਕਸ਼ਮੀਰ ਦੀ ਬਗਾਵਤ, ਨਕਸਲਵਾਦ ਅਤੇ ਤਿੱਬਤ ਦੀ ਆਜ਼ਾਦੀ ਦੀ ਲਹਿਰ ਵਰਗੇ ਅੰਤਰਰਾਸ਼ਟਰੀ ਮੁੱਦੇ ਵੀ ਸਾਹਮਣੇ ਆਉਂਦੇ ਹਨ। ਨਾਟਕ ਦੇਖਣ ਵਿੱਚ ਮਜ਼ਾਕੀਆ ਲਗਦਾ ਹੈ ਪਰ ਪ੍ਰਤੀਕਾਤਮਕ ਸੰਵਾਦ, ਤਿੱਖੇ ਵਿਅੰਗ, ਗੱਲਬਾਤ ਦੇ ਮਨੋਵਿਗਿਆਨਕ ਪਹਿਲੂ ਇਸ ਨੂੰ ਗੰਭੀਰ ਸਕ੍ਰਿਪਟ ਵਜੋਂ ਪੇਸ਼ ਕਰਦੇ ਹਨ।
ਇਸ ਨਾਟਕ ਨੂੰ ਮੰਚ ਉੱਤੇ ਸੋਭਿਤ ਮਿਸ਼ਰਾ, ਦਲਜੀਤ ਸਿੰਘ, ਹੈਪੀ ਬੋਕੋਲੀਆ ਅਤੇ ਰਮਨਦੀਪ ਕੌਰ ਨੇ ਪੇਸ਼ ਕੀਤਾ। ਲਾਈਟਿੰਗ ਅਤੇ ਸੰਗੀਤ ਜੁਗਲ ਕੌਸ਼ਲ ਨੇ ਸੰਭਾਲਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਵਤਾਰ ਅਰੋੜਾ ਨੇ ਨਾਟਕ ਦੀ ਤਾਰੀਫ਼ ਕਰਦਿਆਂ ਕਿਹਾ ਕਿ ਨਾਟਕ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਉਜਾਗਰ ਕਰ ਕੇ ਇੱਕ ਨਵੀਂ ਸੇਧ ਦਿੰਦਾ ਹੈ। ਵਿਸ਼ੇਸ਼ ਮਹਿਮਾਨ ਨਵਜੋਤ ਸਿੰਘ ਬਜਾਜ ਨੇ ਫ਼ੈਸਟੀਵਲ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਹਰ ਨਾਟਕ ਨੂੰ ਸਮੇਂ ਉੱਤੇ ਸ਼ੁਰੂ ਕਰਨਾ ਵੀ ਇਸ ਮੇਲੇ ਦੀ ਇੱਕ ਚੰਗੀ ਪ੍ਰਾਪਤੀ ਹੈ। ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨਦੀਪ ਥਾਪਾ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਨਾਟਕ ਦੀ ਪ੍ਰਸ਼ੰਸ਼ਾ ਕੀਤੀ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਫੈਸਟੀਵਲ ਦਾ ਸੰਚਾਲਨ ਡਾ. ਇੰਦਰਜੀਤ ਕੌਰ ਨੇ ਕੀਤਾ।