ਸੁਨਾਮ : ਫਾਰਮੇਸੀ ਕੌਂਸਲ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਫਰਜ਼ੀ ਸਰਟੀਫਿਕੇਟਾਂ ਦੇ ਆਧਾਰ 'ਤੇ ਫਾਰਮੇਸੀ ਡਿਪਲੋਮੇ ਹਾਸਲ ਕਰਨ ਵਾਲਿਆਂ 'ਤੇ ਵਿਜੀਲੈਂਸ ਬਿਊਰੋ ਵੱਲੋਂ ਸ਼ਿਕੰਜਾ ਕੱਸਣ ਤੋਂ ਬਾਅਦ ਸੁਨਾਮ ਇਲਾਕੇ ਅੰਦਰ ਵੀ ਮਾਮਲੇ ਦੀਆਂ ਪਰਤਾਂ ਸਾਹਮਣੇ ਆਉਣ ਨਾਲ ਇਲਾਕੇ ਦੇ ਸੈਂਕੜੇ ਡਿਪਲੋਮਾ ਹੋਲਡਰ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ। ਸੁਨਾਮ ਨੇੜਲੇ ਇੱਕ ਫਾਰਮੇਸੀ ਕਾਲਜ਼ ਦਾ ਕਥਿਤ ਫਰਜ਼ੀ ਮਾਮਲੇ ਵਿੱਚ ਨਾਮ ਜਨਤਕ ਹੋਣ ਨਾਲ ਇਲਾਕੇ ਅੰਦਰ ਮਾਮਲਾ ਹੋਰ ਵੀ ਸ਼ੱਕੀ ਹਾਲਾਤ ਪੈਦਾ ਕਰ ਰਿਹਾ ਹੈ। ਧੋਖੇ ਨਾਲ ਡਿਪਲੋਮਾ ਹਾਸਲ ਕਰਨ ਵਾਲੇ ਲੋਕ ਅੰਦਰੂਨੀ ਤੌਰ 'ਤੇ ਡਰੇ ਹੋਏ ਹਨ। ਉਨ੍ਹਾਂ ਨੂੰ ਡਰ ਹੈ ਕਿ ਜੇਕਰ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਕਾਰਵਾਈ ਦਾ ਸੇਕ ਉਨ੍ਹਾਂ ਤੱਕ ਜ਼ਰੂਰ ਪਹੁੰਚੇਗਾ। ਦੱਸਿਆ ਜਾਂਦਾ ਹੈ ਕਿ ਧੋਖੇ ਨਾਲ ਡਿਪਲੋਮਾ ਹਾਸਲ ਕਰਨ ਵਾਲੇ ਜ਼ਿਆਦਾਤਰ ਲੋਕ ਕੈਮਿਸਟ ਦੀਆਂ ਦੁਕਾਨਾਂ ਚਲਾ ਰਹੇ ਹਨ ਜਦਕਿ ਕੁਝ ਨੌਕਰੀਆਂ ਕਰ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਹ ਫਰਜ਼ੀ ਡਿਪਲੋਮਾ ਹੋਲਡਰ ਮਾਮਲੇ 'ਚ ਨਿਸ਼ਾਨਾ ਬਣਾਏ ਗਏ ਕੁਝ ਵਿਦਿਅਕ ਅਦਾਰਿਆਂ ਦਾ ਮੁਨਾਫਾ ਤੈਅ ਕਰ ਰਹੇ ਹਨ। ਇਹ ਧੰਦਾ ਪਿਛਲੇ ਕਈ ਦਹਾਕਿਆਂ ਤੋਂ ਚੱਲ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਕੁੱਝ ਇੱਕ ਵਡੇਰੀ ਉਮਰ ਦੇ ਵਿਅਕਤੀ ਵੀ ਜਾਅਲੀ ਸਰਟੀਫਿਕੇਟ ਬਣਾਕੇ ਵਗਦੀ ਗੰਗਾ ਵਿੱਚ ਹੱਥ ਧੋ ਚੁੱਕੇ ਹਨ। 10ਵੀਂ ਜਮਾਤ ਪਾਸ ਕਰਨ ਤੋਂ ਕਈ ਸਾਲਾਂ ਬਾਅਦ ਹੇਰਾਫੇਰੀ ਸਾਧਨਾਂ ਰਾਹੀਂ 12ਵੀਂ ਜਮਾਤ ਨੂੰ ਮੈਡੀਕਲ ਸਟਰੀਮ ਵਿੱਚ ਪਾਸ ਕਰਵਾਉਣ ਅਤੇ ਉਸ ਤੋਂ ਬਾਅਦ ਫਾਰਮੇਸੀ ਵਿੱਚ ਦਾਖ਼ਲਾ ਦੇਣ ਅਤੇ ਡਿਪਲੋਮਾ ਪਾਸ ਕਰਾਉਣ ਦਾ ਘਪਲਾ ਸਾਲਾਂ ਬੱਧੀ ਚੱਲ ਰਿਹਾ ਹੈ।
ਮਾਮਲੇ ਦੀ ਜਾਂਚ ਮੰਗੀ : ਇਸੇ ਦੌਰਾਨ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਜ਼ਿਲ੍ਹਾ ਆਗੂ ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਕਿ ਫਰਜ਼ੀ ਫਾਰਮੇਸੀ ਡਿਪਲੋਮਾ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਅੰਦਰਲਾ ਕਾਲਾ ਸੱਚ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੰਗਰੂਰ ਜ਼ਿਲ੍ਹੇ ਵਿੱਚ ਹੀ ਸੈਂਕੜੇ ਲੋਕਾਂ ਨੇ ਧੋਖੇ ਨਾਲ ਡਿਪਲੋਮੇ ਹਾਸਲ ਕੀਤੇ ਹਨ। ਅਜਿਹੇ ਲੋਕਾਂ ਦਾ ਪਰਦਾਫਾਸ਼ ਕਰਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।