ਬਰਨਾਲਾ : ਸੂਬੇ ਦੇ ਸਰਕਾਰੀ ਸਕੂਲਾਂ ਦੀ ਦਾਖਲਾ ਮੁਹਿੰਮ ਨਿੱਤ ਦਿਨ ਨਵੇਂ ਦਿਸਹੱਦੇ ਸਿਰਜਦੀ ਨਜ਼ਰ ਆ ਰਹੀ ਹੈ।ਵਿਭਾਗ ਦਾ ਹਰ ਅਧਿਕਾਰੀ ਅਤੇ ਕਰਮਚਾਰੀ ਮੁਹਿੰਮ ਵਿੱਚ ਸਮਰਪਿਤ ਭਾਵਨਾ ਨਾਲ ਜੁਟਿਆ ਵਿਖਾਈ ਦੇ ਰਿਹਾ ਹੈ। ਜਿੱਥੇ ਸਕੂਲਾਂ ਦੇ ਅਧਿਆਪਕ ਆਨਲਾਈਨ ਪੜ੍ਹਾਈ ਕਰਵਾਉਣ ਦੇ ਨਾਲ-ਨਾਲ ਨਵੇਂ ਸੈਸ਼ਨ ਦੀ ਵਿਦਿਆਰਥੀ ਦਾਖਲਾ ਮੁਹਿੰਮ ਚਲਾ ਰਹੇ ਹਨ, ਉੱਥੇ ਹੀ ਵਿਭਾਗ ਦੇ ਅਧਿਕਾਰੀ ਵੀ ਪਿੰਡਾਂ ਦੀਆਂ ਸੱਥਾਂ ਅਤੇ ਗਲੀਆਂ ਵਿੱਚ ਦਾਖਲਾ ਮੁਹਿੰਮ ਦਾ ਹਿੱਸਾ ਬਣ ਰਹੇ ਹਨ। ਸ੍ਰ ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਨੇ ਦੱਸਿਆ ਕਿ ਜਿਲ੍ਹੇ ਵਿੱਚ ਸਰਕਾਰੀ ਸਕੂਲਾਂ ਦੀ ਵਿਦਿਆਰਥੀ ਦਾਖਲਾ ਮੁਹਿੰਮ ਦੇ ਸਾਕਾਰਤਮਕ ਨਤੀਜੇ ਸਾਹਮਣੇ ਆ ਰਹੇ ਹਨ।
ਸ੍ਰੀਮਤੀ ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵੱਲੋਂ ਸ਼ਹੀਦ ਜਸ਼ਨਦੀਪ ਸਿੰਘ ਸਰਾਂ ਸਰਕਾਰੀ ਹਾਈ ਸਕੂਲ ਨੈਣੇਵਾਲ ਦਾ ਮੈਗਜ਼ੀਨ ਅਤੇ ਈ-ਪ੍ਰਾਸਪੈਕਟ ਪਿੰਡ ਦੀ ਸੱਥ ਵਿੱਚ ਪਿੰਡ ਵਾਸੀਆਂ ਨਾਲ ਰਲਕੇ ਰੀਲੀਜ਼ ਕੀਤੇ ਗਏ। ਇਸ ਮੌਕੇ ਉਹਨਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਪੜ੍ਹਾਉਣ ਤਕਨੀਕਾਂ ਪੱਖੋਂ ਉੱਚ ਮਿਆਰੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਨੈਣੇਵਾਲ ਸਕੂਲ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਇਸ ਸਕੂਲ ਵਿੱਚ ਜਿੱਥੇ ਵਧੀਆ ਕੰਪਿਊਟਰ ਅਤੇ ਸਾਇੰਸ ਪ੍ਰਯੋਗਸ਼ਾਲਾਵਾਂ ਹਨ ਉੱਥੇ ਹੀ ਵਿਦਿਆਰਥੀਆਂ ਨੂੰ ਅੰਗਰੇਜ਼ੀ ਬੋਲਣ ਵਿੱਚ ਨਿਪੁੰਨ ਬਣਾਉਣ ਲਈ ਅੰਗਰੇਜ਼ੀ ਲੈਬ ਵੀ ਬਣਾਈ ਗਈ ਹੈ। ਉਹਨਾਂ ਕਿਹਾ ਕਿ ਹੁਣ ਸਾਨੂੰ ਬੱਚਿਆਂ ਦੀ ਪੜ੍ਹਾਈ ‘ਤੇ ਮਹਿੰਗੀਆਂ ਫੀਸਾਂ ਦੇ ਬੇਲੋੜੇ ਖਰਚੇ ਕਰਨ ਦੀ ਕੋਈ ਜਰੂਰਤ ਨਹੀਂ। ਉਹਨਾਂ ਇਕੱਤਰ ਹੋਏ ਮਾਪਿਆਂ ਨੂੰ ਸਰਕਾਰੀ ਸਕੂਲ ਵਿੱਚ ਬੱਚੇ ਪੜ੍ਹਾਉਣ ਦੀ ਅਪੀਲ ਕਰਦਿਆਂ ਬਿਹਤਰ ਪੜ੍ਹਾਈ ਦਾ ਵਿਸ਼ਵਾਸ ਦਿਵਾਇਆ। ਇਸ ਤੋਂ ਪਹਿਲਾਂ ਪਿੰਡ ਦੀ ਸੱਥ ਵਿੱਚ ਕੁਲਦੀਪ ਸਿੰਘ ਭਦੌੜ ਦੀ ਨਾਟਕ ਮੰਡਲੀ ਵੱਲੋਂ ਨਾਟਕ ਦੇ ਮੰਚਨ ਜਰੀਏ ਪਿੰਡ ਵਾਸੀਆਂ ਨੂੰ ਸਰਕਾਰੀ ਸਕੂਲਾਂ ਦੀ ਬਦਲ ਚੁੱਕੀ ਨੁਹਾਰ ਦਾ ਸੁਨੇਹਾ ਦਿੰਦਿਆਂ ਦੱਸਿਆ ਕਿ ਹੁਣ ਸਰਕਾਰੀ ਸਕੂਲ ਸੱਚਮੁੱਚ ਹੀ ਸਮਾਰਟ ਸਕੂਲ ਬਣ ਗਏ ਹਨ। ਉਹਨਾਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਉੱਚ ਯੋਗਤਾਵਾਂ ਅਤੇ ਨਿਯੁਕਤੀਆਂ ਤੋਂ ਪਹਿਲਾਂ ਹੋਣ ਵਾਲੀਆਂ ਸਖਤ ਮੁਕਾਬਲਾ ਪ੍ਰੀਖਿਆਵਾਂ ਦੀ ਗੱਲ ਕਰਦਿਆਂ ਮਾਪਿਆਂ ਨੂੰ ਅਧਿਆਪਕਾਂ ਦੇ ਪੜਾਉਣ ਹੁਨਰ ਦਾ ਲਾਭ ਉਠਾਉਣ ਦੀ ਵੀ ਅਪੀਲ ਕੀਤੀ। ਸਕੂਲ ਮੁਖੀ ਸ੍ਰੀਮਤੀ ਸੁਰੇਸ਼ਟਾ ਸ਼ਰਮਾ ਹੈਡਮਿਸਟ੍ਰੈਸ ਵੱਲੋਂ ਆਪਣੇ ਸੰਬੋਧਨ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਪਿੰਡ ਵਾਸੀਆਂ ਸਾਹਮਣੇ ਰੱਖੀਆਂ ਗਈਆਂ। ਉਹਨਾਂ ਮਾਪਿਆਂ ਨੂੰ ਵੱਖਰੇ ਅੰਦਾਜ਼ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਬਿਨਾਂ ਮੋਟੀਆਂ ਫੀਸਾਂ ਭਰੇ ਹਰ ਖੇਤਰ ਵਿੱਚ ਮੋਹਰੀ ਬਣ ਰਹੇ ਹਨ।
ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸ਼ਹਿਣਾ ਬਲਾਕ ਦੇ ਸਰਕਾਰੀ ਸਕੂਲਾਂ ਦੀ ਦਾਖਲਾ ਮੁਹਿੰਮ ਲਈ ਪ੍ਰਚਾਰ ਰਿਕਸ਼ਾ ਵੀ ਰਵਾਨਾ ਕੀਤਾ ਗਿਆ। ਪ੍ਰਚਾਰ ਰਿਕਸ਼ੇ ਬਾਰੇ ਬੋਲਦਿਆਂ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਇਹ ਪ੍ਰਚਾਰ ਰਿਕਸ਼ਾ ਪਿੰਡਾਂ ਅਤੇ ਸ਼ਹਿਰਾਂ ਦੀਆਂ ਗਲੀਆਂ ਵਿੱਚ ਪਹੁੰਚ ਕੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀ ਬਦਲ ਚੁੱਕੀ ਨੁਹਾਰ ਦਾ ਸੁਨੇਹਾ ਦੇਵੇਗਾ। ਇਸ ਮੌਕੇ ਸ੍ਰੀ ਕਿ੍ਰਸ਼ਨ ਲਾਲ ਬੀਐਮ ਗਣਿਤ, ਸ੍ਰੀ ਨਵਦੀਪ ਕੁਮਾਰ ਬੀਐਮ ਵਿਗਿਆਨ, ਸ੍ਰ ਜਗਦੀਸ਼ ਸਿੰਘ ਬੀਐਮ ਅੰਗਰੇਜ਼ੀ,ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ,ਕਲੱਬਾਂ ਅਤੇ ਪਿੰਡ ਵਾਸੀਆਂ ਸਮੇਤ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।