ਮਾਲੇਰਕੋਟਲਾ : ਮਾਲੇਰਕੋਟਲਾ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਕਾਫ਼ਲਾ ਲੰਬਾ ਹੁੰਦਾ ਜਾ ਰਿਹਾ ਹੈ। ਜਿਥੇ ਇਕ ਪਾਸੇ ਟਕਸਾਲੀ ਅਕਾਲੀ ਮੁੜ ਅਕਾਲੀ ਦਲ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਨਿੱਤਰ ਕੇ ਸਾਹਮਣੇ ਆ ਰਹੇ ਹਨ, ਉਥੇ ਨਵੀਂ ਪੀੜ੍ਹੀ ਅੰਦਰ ਵੀ ਪੰਜਾਬ ਦੀ ਇਸ ਖੇਤਰੀ ਪਾਰਟੀ ਲਈ ਭਾਵਨਾਤਮਕ ਤੌਰ ਤੇ ਜੁੜ ਕੇ ਕੰਮ ਕਰਨ ਦੀ ਭਾਵਨਾ ਉਤਪੰਤ ਹੁੰਦੀ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਇਥੇ ਅਪਣੀ ਰਿਹਾਇਸ਼ ਵਿਖੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚੋਂ ਇਕੱਠੇ ਹੋਏ ਸੈਂਕੜੇ ਨੌਜੁਆਨਾਂ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਕੀਤਾ। ਇਹ ਨੌਜੁਆਨ ਵਾਰਡ ਨੰਬਰ 30 ਦੇ ਨੌਜੁਆਨ ਆਗੂ ਮੁਹੰਮਦ ਜੀਸ਼ਾਨ ਸਾਦੇਵਾਲਾ ਦੀ ਅਗਵਾਈ ਹੇਠ ਬੀਬਾ ਜ਼ਾਹਿਦਾ ਸੁਲੇਮਾਨ ਨੂੰ ਸਮਰਥਨ ਦੇਣ ਅਤੇ ਅਕਾਲੀ ਦਲ ਦੇ ਯੂਥ ਵਿੰਗ ਵਿਚ ਚੱਲ ਰਹੀ ਮੈਂਬਰਸ਼ਿਪ ਮੁਹਿੰਮ ਦਾ ਹਿੱਸਾ ਬਣਨ ਆਏ ਸਨ। ਨੌਜੁਆਨਾਂ ਦੇ ਇਸ ਇਕੱਠ ਵਿਚ ਜ਼ਿਆਦਾਤਰ ਵਾਰਡ ਨੰਬਰ 30,31, 32 ਅਤੇ 33 ਦੇ ਨੌਜੁਆਨ ਸ਼ਾਮਿਲ ਸਨ। ਇਰਫ਼ਾਨ, ਦਾਨਿਸ਼, ਹਾਰਿਸ਼, ਅਦਨਾਨ, ਯਾਕੂਬ, ਇਮਰਾਨ, ਅਰਮਾਨ, ਆਮਿਰ, ਸਾਹਿਲ, ਆਰਿਫ਼, ਗੁਲਫ਼ਾਨ, ਆਸ਼ੂ, ਮੁਸਲਿਮ ਅਤੇ ਹੋਰ ਅਨੇਕਾਂ ਨੌਜੁਆਨਾਂ ਨੇ ਕਿਹਾ ਕਿ ਉਹ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਝੂਠੇ ਵਾਅਦਿਆਂ ਤੋਂ ਤੰਗ ਆ ਚੁੱਕੇ ਹਨ, ਇਸ ਲਈ ਹੁਣ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨਾਲ ਜੁੜ ਕੇ ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਵਿਚ ਲਿਆਉਣਾ ਚਾਹੁੰਦੇ ਹਨ। ਨੌਜੁਆਨਾਂ ਨੇ ਕਿਹਾ ਕਿ ਬੀਬਾ ਜ਼ਾਹਿਦਾ ਸੁਲੇਮਾਨ ਇਕ ਨਿੱਡਰ ਨੇਤਾ ਹੈ ਜਿਸ ਨੂੰ ਨਵੀਂ ਪੀੜ੍ਹੀ ਪਸੰਦ ਕਰਦੀ ਹੈ। ਅਗਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੈ ਅਤੇ ਬੀਬਾ ਜ਼ਾਹਿਦਾ ਸੁਲੇਮਾਨ ਸਾਡੇ ਪ੍ਰਤੀਨਿੱਧ ਹੋਣਗੇ।
ਬੀਬਾ ਜ਼ਾਹਿਦਾ ਸੁਲੇਮਾਨ ਇਕ ਇਕ ਕਰਕੇ ਮਾਲੇਰਕੋਟਲਾ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾ ਰਹੇ ਹਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਪ੍ਰਸ਼ਾਸਨ ਉਪਰ ਦਬਾਅ ਬਣਾ ਕੇ ਲੁਧਿਆਣਾ ਰੋਡ ਬਾਈਪਾਸ ਵਾਲੀ ਸੜਕ ਬਣਵਾਈ, ਫਿਰ ਹਿਬਾਨਾਮਾ ਬਹਾਲ ਕਰਵਾਇਆ ਅਤੇ ਅੱਜ ਕੱਲ ਉਹ ਬੱਸ ਸਟੈਂਡ ਨੇੜੇ ਲੱਗੇ ਕੂੜੇ ਦੇ ਡੰਪ ਦਾ ਮੁੱਦਾ ਚੁੱਕਾ ਕੇ ਸਰਕਾਰ ਨੂੰ ਮਜਬੂਰ ਕਰ ਰਹੇ ਹਨ ਕਿ ਉਹ ਸ਼ਹਿਰ ਦੇ ਬਿਲਕੁਲ ਦਰਮਿਆਨ ਪਏ ਕੂੜੇ ਨੂੰ ਹਟਾਵੇ। ਨੌਜੁਆਨਾਂ ਨੇ ਕਿਹਾ ਕਿ ਸਾਨੂੰ ਬੀਬਾ ਜ਼ਾਹਿਦਾ ਸੁਲੇਮਾਨ ਦੀ ਸਾਦਗੀ, ਨਿਮਰਤਾ ਅਤੇ ਸਾਰਿਆਂ ਨਾਲ ਮੇਲ ਮਿਲਾਪ ਵਾਲੇ ਵਿਵਹਾਰ ਨੇ ਅਕਾਲੀ ਦਲ ਨਾਲ ਜੁੜਨ ਲਈ ਮਜਬੂਰ ਕੀਤਾ ਹੈ।
ਨੌਜੁਆਨਾਂ ਨੇ ਕਿਹਾ ਕਿ ਉਹ ਯੂਥ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਦਾ ਹਿੱਸਾ ਬਣ ਕੇ ਹਜ਼ਾਰਾਂ ਨੌਜੁਆਨਾਂ ਨੂੰ ਮੈਂਬਰ ਬਣਾਉਣਗੇ ਤੇ ਵਾਰਡ ਤੇ ਬੂਥ ਪੱਧਰ ਤਕ ਅਕਾਲੀ ਦਲ ਦੇ ਵਿੰਗ ਗਠਤ ਕਰਨਗੇ। ਨੌਜੁਆਨਾਂ ਨੂੰ ਸੰਬੋਧਨ ਕਰਦਿਆਂ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਉਹ ਸਿਆਸਤ ਕਰਨ ਨਹੀਂ ਆਏ ਅਤੇ ਨਾ ਹੀ ਸਿਆਸਤ ਵਿਚੋਂ ਪੈਸਾ ਕਮਾਉਣ ਆਏ ਹਨ ਬਲਕਿ ਅਪਣੇ ਹਲਕੇ ਦੀ ਸੇਵਾ ਕਰਨ ਅਤੇ ਲੋਕਾਂ ਅੰਦਰ ਭਾਈਚਾਰਕ ਸਾਂਝ ਕਾਇਮ ਕਰਕੇ, ਸ਼ਹਿਰ ਦਾ ਵਿਕਾਸ ਕਰਨ ਆਏ ਹਨ। ਮਾਲੇਰਕੋਟਲਾ ਬਾਕੀ ਪੰਜਾਬ ਨਾਲੋਂ ਬਹੁਤ ਪਿੱਛੇ ਰਹਿ ਗਿਆ ਹੈ। ਨਾ ਨੌਜੁਆਨਾਂ ਨੂੰ ਰੁਜ਼ਗਾਰ ਮਿਲ ਸਕਿਆ ਅਤੇ ਨਾ ਹੀ ਨੌਕਰੀਆਂ ਮਿਲ ਸਕੀਆਂ। ਪੜ੍ਹੇ ਲਿਖੇ ਨੌਜੁਆਨ ਰੁਜ਼ਗਾਰ ਨਾ ਹੋਣ ਕਾਰਨ ਵਿਹਲੇ ਤੁਰੇ ਫਿਰਦੇ ਹਨ ਪਰ ਸੱਤਾਧਾਰੀਆਂ ਨੂੰ ਕੋਈ ਫ਼ਿਕਰ ਨਹੀਂ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਨੌਜੁਆਨਾਂ ਦਾ ਉਤਸ਼ਾਹ ਦੱਸਦਾ ਹੈ ਕਿ ਉਹ ਲੋਕ ਸਭਾ ਚੋਣਾਂ ਵਿਚ ਹੀ ਆਮ ਆਦਮੀ ਪਾਰਟੀ ਦਾ ਮਾਲੇਰਕੋਟਲਾ ਹਲਕੇ ਵਿਚੋਂ ਬੋਰੀਆ ਬਿਸਤਰਾ ਗੋਲ ਕਰ ਦੇਣਗੇ।
ਆਮ ਆਦਮੀ ਪਾਰਟੀ ਨੇ ਨੌਜੁਆਨਾਂ ਨਾਲ ਝੂਠੇ ਵਾਅਦੇ ਕੀਤੇ ਅਤੇ ਰੰਗ ਬਰੰਗੇ ਸੁਫ਼ਨੇ ਵਿਖਾਏ ਪਰ ਹੁਣ ਦੋ ਸਾਲ ਦਾ ਸਮਾਂ ਲੰਘ ਜਾਣ ਦੇ ਬਾਵਜੂਦ ਪੰਜਾਬ ਅਤੇ ਮਾਲੇਰਕੋਟਲਾ ਲਈ ਕੁੱਝ ਨਹੀਂ ਕੀਤਾ। ਨੌਜੁਆਨਾਂ ਨੂੰ ਸਮਝਾਇਆ ਗਿਆ ਕਿ ਕਿਸ ਤਰ੍ਹਾਂ ਕਿਊ ਆਰ ਕੋਡ ਨੂੰ ਸਕੈਨ ਕਰਕੇ ਯੂਥ ਅਕਾਲੀ ਦਲ ਦਾ ਮੈਂਬਰ ਬਣਨਾ ਹੈ ਅਤੇ ਖ਼ੁਦ ਦੀ ਯੂਥ ਅਕਾਲੀ ਦਲ ਦੇ ਅਹੁਦਿਆਂ ਲਈ ਸਿਫ਼ਾਰਸ਼ ਕਰਾਉਣੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਚੌਧਰੀ ਮੁਹੰਮਦ ਸ਼ਮਸ਼ਾਦ, ਯੂਥ ਆਗੂ ਖਿਜ਼ਰ ਅਲੀ ਖ਼ਾਨ, ਟੈਂਪੂ ਯੂਨੀਅਨ ਦੇ ਸਾਬਕਾ ਪ੍ਰਧਾਨ ਅਸਲਮ ਅੱਛੂ ਲੀਰਾਂ ਵਾਲਾ, ਮੁਹੰਮਦ ਇਕਬਾਲ ਬਾਲਾ ਅਤੇ ਹੋਰ ਅਕਾਲੀ ਨੇਤਾ ਵੀ ਹਾਜ਼ਰ ਸਨ।