ਖਾਲੜਾ : ਰਾਜੇਸ਼ ਕੁਮਾਰ ਸੰਯੋਜਕ ਭਿੱਖੀਵਿੰਡ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਤਿਗੁਰੂ ਮਾਤਾ ਸਦੀਕਸ਼ਾ ਜੀ ਮਹਾਰਾਜ ਨੇ ਆਪਣੇ ਪ੍ਰਵਚਨਾਂ ਵਿੱਚ ਸੰਪੂਰਨ ਜਗਤ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ "ਪਿਆਰ ਮੰਨਣ ਦਾ ਵਿਸ਼ਾ ਹੈ ਨਾਂ ਕਿ ਦੂਜਿਆਂ ਨੂੰ ਮਨਵਾਉਣ ਦਾ" । ਜਦੋਂ ਸਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਤਾਂ ਅਸੀਂ ਹਰ ਤਰ੍ਹਾਂ ਦੇ ਬੰਧਨਾਂ ਤੋਂ ਮੁਕਤ ਹੋ ਕੇ ਭਗਤੀ ਦੇ ਮਾਰਗ 'ਤੇ ਅੱਗੇ ਵਧ ਸਕਦੇ ਹਾਂ।'' ਇਹ ਪ੍ਰਵਚਨ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਨਵੇਂ ਸਾਲ ਦੇ ਸ਼ੁਭ ਮੌਕੇ 'ਤੇ ਗਰਾਊਂਡ ਨੰਬਰ 8 ਬੁਰਾੜੀ ਵਿਖੇ ਕਰਵਾਏ ਗਏ ਵਿਸ਼ੇਸ਼ ਸਤਿਸੰਗ ਸਮਾਗਮ 'ਚ ਹਾਜ਼ਰ ਹਜ਼ਾਰਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਸਾਲ 2024 ਦੀ ਸ਼ੁਰੂਆਤ ਮੌਕੇ ਕਰਵਾਏ ਗਏ ਇਸ ਸਤਿਸੰਗ ਦਾ ਲਾਭ ਲੈਣ ਲਈ ਦਿੱਲੀ ਅਤੇ ਹੋਰਨਾਂ ਥਾਵਾਂ ਤੋਂ ਵੀ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਸਤਿਗੁਰੂ ਦੇ ਇਲਾਹੀ ਦਰਸ਼ਨ ਅਤੇ ਪਵਿੱਤਰ ਪ੍ਰਵਚਨ ਸੁਣਕੇ ਆਨੰਦ ਦਾ ਸਕੂਨ ਮਹਿਸੂਸ ਕੀਤਾ ।ਇਸ ਮੌਕੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਨੇ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਿਰੰਕਾਰ ਪ੍ਰਤੀ ਸਾਡੀ ਆਸਥਾ ਅਤੇ ਸ਼ਰਧਾ ਸਾਡੇ ਨਿੱਜੀ ਅਧਿਆਤਮਿਕ ਅਨੁਭਵ ਤੇ ਅਧਾਰਿਤ ਹੋਣੀ ਚਾਹੀਦੀ ਹੈ ਨਾਂ ਕੇ ਕਿਸੇ ਹੋਰ ਦੇ ਕਹਿਣ ਤੇ ਪ੍ਰੇਰਿਤ ਹੋਕੇ। ਸਤਿਗੁਰੂ ਤੋਂ ਪ੍ਰਾਪਤ ਬ੍ਰਹਮਗਿਆਨ ਦੀ ਦ੍ਰਿਸ਼ਟੀ ਤੋਂ ਪਰਮਾਤਮਾ ਦੇ ਅੰਗ ਸੰਗ ਦਰਸ਼ਨ ਕਰਦੇ ਹੋਏ ਭਗਤੀ ਕਰਨਾ ਹੀ ਉੱਤਮ ਹੈ। ਸਤਿਗੁਰੂ ਸਭ ਨੂੰ ਬਰਾਬਰ ਬ੍ਰਹਮਗਿਆਨ ਪ੍ਰਦਾਨ ਕਰਕੇ ਜੀਵਨ ਵਿੱਚ ਮੁਕਤੀ ਦਾ ਮਾਰਗ ਪ੍ਰਦਾਨ ਕਰ ਰਹੇ ਹਨ ਅਤੇ ਅਸੀਂ ਇਸ ਨੂੰ ਆਪਣੇ ਅਨੁਭਵ ਅਤੇ ਆਪਣੀ ਸੱਚੀ ਲਗਨ ਦੁਆਰਾ ਹੀ ਪ੍ਰਾਪਤ ਕਰ ਸਕਦੇ ਹਾਂ।
ਸਤਿਗੁਰੂ ਮਾਤਾ ਜੀ ਨੇ ਨਵੇਂ ਸਾਲ ਦੇ ਅਵਸਰ 'ਤੇ ਆਪਣਾ ਪਵਿੱਤਰ ਅਸ਼ੀਰਵਾਦ ਦਿੰਦੇ ਹੋਏ ਸਮਝਾਇਆ ਕਿ ਅਕਸਰ ਅਸੀਂ ਆਪਣੇ ਵਿਵਹਾਰਕ ਜੀਵਨ ਦੇ ਸੀਮਤ ਦਾਇਰੇ ਵਿੱਚ ਤੰਗ ਅਤੇ ਵਿਤਕਰੇ ਵਾਲਾ ਵਤੀਰਾ ਅਪਣਾ ਲੈਂਦੇ ਹਾਂ। ਇਸ ਪ੍ਰਭਾਵ ਤੋਂ ਉੱਪਰ ਉੱਠ ਕੇ ਜੀਵਨ ਤਾਂ ਹੀ ਬਤੀਤ ਕੀਤਾ ਜਾ ਸਕਦਾ ਹੈ ਜਦੋਂ ਅਸੀਂ ਬ੍ਰਹਮਗਿਆਨ ਨੂੰ ਆਪਣਾ ਆਧਾਰ ਬਣਾ ਕੇ ਸਭ ਵਿੱਚ ਇੱਕ ਪਰਮਾਤਮਾ ਦੇ ਰੂਪ ਨੂੰ ਦੇਖਦੇ ਹਾਂ। ਅਸੀਂ ਆਪਣੀ ਸੋਚ ਦਾ ਵਿਸਥਾਰ ਕਰਨਾ ਹੈ ਅਤੇ ਕੇਵਲ ਪਿਆਰ ਦੀ ਭਾਵਨਾ ਨਾਲ ਜੀਵਨ ਜੀਣਾ ਹੈ ਤਾਂ ਹੀ ਮਨ ਵਿਚੋਂ ਤੰਗਦਿਲੀ ਦਾ ਭਾਵ ਦੂਰ ਹੋਵੇਗਾ। ਸਤਿਗੁਰੂ ਮਾਤਾ ਜੀ ਨੇ ਪਿਆਰ ਦੀ ਭਾਵਨਾ ਦੀ ਗੱਲ ਕਰਦਿਆਂ ਆਪਣੇ ਪ੍ਰਵਚਨਾਂ ਵਿੱਚ ਕਿਹਾ ਕਿ ਜਦੋਂ ਅਸੀਂ ਇਸ ਵਿਸ਼ਾਲ ਪ੍ਰਮਾਤਮਾ ਨਾਲ ਜੁੜ ਜਾਂਦੇ ਹਾਂ ਤਾਂ ਕੋਈ ਬੰਧਨ ਬਾਕੀ ਨਹੀਂ ਰਹਿੰਦਾ। ਇਸ ਬੇਰੰਗੇ ਦੇ ਰੰਗ ਨਾਲ ਜੁੜਕੇ ਭਗਤੀ ਦਾ ਅਜਿਹਾ ਮਜ਼ਬੂਤ ਰੰਗ ਸਾਡੇ ਹਿੱਸੇ ਆਉਂਦਾ ਹੈ ਕਿ ਸਾਡੀ ਸ਼ਰਧਾ ਹੋਰ ਪੱਕੀ ਹੋ ਜਾਂਦੀ ਹੈ, ਪਰ ਭੁਲੇਖੇ ਕਾਰਨ ਅਸੀਂ ਇਸ ਸੱਚਾਈ ਨੂੰ ਭੁੱਲ ਕੇ ਆਪਣੀ ਵਿਚਾਰਧਾਰਾ ਨਾਲ ਹੀ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸਲੀਅਤ ਤਾਂ ਇਹ ਹੈ ਕਿ 'ਪਿਆਰ ਮੰਨਣ ਦਾ ਵਿਸ਼ਾ ਹੈ ਮਨਵਾਉਣ ਦਾ ਨਹੀਂ'। ਅਸੀਂ ਬ੍ਰਹਮਗਿਆਨ ਰੂਪੀ ਚੇਤਨਤਾ ਨਾਲ ਹੀ ਸਾਰੇ ਕੰਮ ਕਰਨੇ ਹਨ ਸਭ ਦੇ ਲਈ ਮਨ ਵਿੱਚ ਪ੍ਰੇਮ ਦੇ ਭਾਵ ਨੂੰ ਲੈਂਦੇ ਹੋਏ ਭਗਤੀ ਭਰਿਆ ਜੀਵਨ ਬਤੀਤ ਕਰਨਾ ਹੈ। ਅੰਤ ਵਿੱਚ ਸਤਿਗੁਰੂ ਮਾਤਾ ਜੀ ਨੇ ਨਵੇਂ ਸਾਲ ਦੇ ਮੌਕੇ 'ਤੇ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਅਸ਼ੀਰਵਾਦ ਦਿੱਤਾ ਕਿ ਇਸ ਨਵੇਂ ਸਾਲ ਵਿੱਚ ਵੀ ਸਾਡਾ ਜੀਵਨ ਸੇਵਾ, ਸਿਮਰਨ ਅਤੇ ਸਤਿਸੰਗ ਨਾਲ ਸਜਿਆ ਹੋਵੇ। ਨਵੇਂ ਸਾਲ ਦੇ ਮੌਕੇ 'ਤੇ ਸਤਿਗੁਰੂ ਦੇ ਇਹ ਅਨਮੋਲ ਪ੍ਰਵਚਨ ਅਸਲ ਵਿੱਚ ਸਮੁੱਚੀ ਮਾਨਵਤਾ ਲਈ ਇੱਕ ਵਰਦਾਨ ਹਨ।