ਬਰਨਾਲਾ, : ਬਰਨਾਲਾ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਅਤੇ ਕੌਂਸਲਰਾਂ ਦਾ ਸਹੁੰ ਚੁੱਕ ਸਮਾਗਮ ਅੱਜ ਨਗਰ ਕੌਸਲ ਦਫਤਰ ਬਰਨਾਲਾ ਦੀ ਰਾਮ ਸਰੂਪ ਅਣਖੀ ਮਿਉਸਪਲ ਲਾਈਬ੍ਰੇਰੀ ’ਚ ਹੋਇਆ।
ਇਸ ਮੌਕੇ ਕਨਵੀਨਰ ਐਸਡੀਐਮ ਵਰਜੀਤ ਵਾਲੀਆ (ਆਈਏਐਸ) ਦੀ ਹਾਜ਼ਰੀ ਵਿਚ ਬਰਨਾਲਾ ਨਗਰ ਕੌਂਸਲ ਦੇ ਚੁਣੇ 31 ਕੌਂਸਲਰਾਂ ਨੂੰ ਪਹਿਲਾਂ ਸਹੁੰ ਚੁਕਾਈ ਗਈ ਤੇ ਬਾਅਦ ’ਚ ਪ੍ਰਧਾਨ ਤੇ ਮੀਤ ਪ੍ਰਧਾਟ ਦੀ ਚੋਣ ਪ੍ਰਕਿਰਿਆ ਆਰੰਭੀ ਗਈ। ਇਸ ’ਚ ਗੁਰਜੀਤ ਸਿੰਘ ਰਾਮਨਵਾਸੀਆਂ ਨੂੰ ਪ੍ਰਧਾਨ ਤੇ ਨਰਿੰਦਰ ਗਰਗ ਨੀਟਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।
ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਤੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਨੇ ਜਿੱਥੇ ਦੋਵੇਂ ਪ੍ਰਧਾਨਾਂ ਦੀ ਨਿਯੁਕਤੀ ’ਤੇ ਦੋਵਾਂ ਦਾ ਮੂੰਹ ਮਿੱਠਾ ਕਰਵਾਇਆ, ਉੱਥੇ ਹੀ ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਨਿਸ਼ਾਨ ’ਤੇ ਜਿੱਤੇ 16 ਕੌਂਸਲਰ ਤੇ 2 ਆਜ਼ਾਦ ਕੌਂਸਲਰਾਂ ਸਣੇ ਭਾਜਪਾ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਏ ਕੌਂਸਲਰਾਂ ਸਣੇ ਕੁੱਲ 20 ਕੌਂਸਲਰਾਂ ਨੇ ਸਹਿਮਤੀ ਦਿੰਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿਚ ਗੁਰਜੀਤ ਰਾਮਨਵਾਸੀਆ ਨੂੰ ਪ੍ਰਧਾਨ ਤੇ ਨਰਿੰਦਰ ਨੀਟਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਹੈ।
ਕੇਵਲ ਸਿੰਘ ਢਿੱਲੋਂ ਨੇ ਇਸ ਚੋਣ ਨੂੰ ਬਰਨਾਲਾ ਸ਼ਹਿਰ ਦੇ ਵਿਕਾਸ ਦੀ ਜਿੱਤ ਦੱਸਦਿਆਂ ਕਿਹਾ ਕਿ ਇਹ ਨਗਰ ਕੌਂਸਲ ਬਰਨਾਲਾ ਦੇ 31 ਵਾਰਡਾਂ ’ਚੋਂ ਚੁਣੇ ਕੌਂਸਲਰ, ਪ੍ਰਧਾਨ ਤੇ ਮੀਤ ਪ੍ਰਧਾਨ ਨਗਰ ਕੌਂਸਲ ’ਚ ਕੰਮ ਕਰਦਿਆਂ ਸ਼ਹਿਰ ਦੇ ਵਿਕਾਸ ਲਈ ਯਤਨਸ਼ੀਲ ਰਹਿਣਗੇ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ 3 ਕੌਂਸਲਰ ਤੇ ਸ਼੍ਰੋਮਣੀ ਅਕਾਲੀ ਦਲ ਦੇ 4 ਕੌਂਸਲਰਾਂ ਤੇ ਆਜ਼ਾਦ ਜਿੱਤੇ ਕੌਂਸਲਰਾਂ ਨੂੰ ਵੀ ਇਕੱਠਿਆਂ ਨਾਲ ਲੈ ਕੇ ਸ਼ਹਿਰ ਦੇ ਵਿਕਾਸ ਲਈ ਯੋਜਨਾਵਾ ਤਿਆਰ ਕੀਤੀਆਂ ਜਾਣਗੀਆਂ।
ਨਗਰ ਕੌਂਸਲ ਦੀ ਚੋਣ ਪ੍ਰਕਿਰਿਆ ਉਪਰੰਤ ਸ. ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ ਵਿਖੇ ਨਵ-ਨਿਯੁਕਤ ਅਹੁਦੇਦਾਰਾਂ ਤੇ ਕੌਂਸਲਰਾਂ ਦਾ ਸਨਮਾਨ ਕੀਤਾ ਗਿਆ।
ਇਸ ਚੋਣ ਦੌਰਾਨ ਪੁਲੀਸ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ।