ਸਿੱਖਿਆ - ਖੇਤਰ ਇੱਕ ਵਿਸ਼ਾਲ ਤੇ ਨਿਰੰਤਰ ਸਮੂਹਿਕ ਯਤਨ ਹੈ , ਜਿਸ ਵਿੱਚ ਅਧਿਆਪਕ , ਮਾਪੇ , ਸਰਕਾਰ , ਸਮਾਜ ਤੇ ਵਾਤਾਵਰਣ ਸਮੇਂ , ਸਥਿਤੀ ਅਤੇ ਜਰੂਰਤ ਅਨੁਸਾਰ ਆਪਣਾ ਵੱਡਮੁੱਲਾ ਯੋਗਦਾਨ ਪਾ ਕੇ ਵਿਦਿਆਰਥੀ ਦੇ ਸਰਬਪੱਖੀ ਵਿਕਾਸ ਦਾ ਉਪਰਾਲਾ ਕਰਦੇ ਹਨ। ਆਪਣੇ ਕਿੱਤੇ ਪ੍ਰਤੀ ਪ੍ਰਤੀਬੱਧ ਅਧਿਆਪਕ ਪਾਠ - ਪੁਸਤਕਾਂ ਤੋਂ ਇਲਾਵਾ ਹੋਰ ਸਾਂਝੇ ਯਤਨਾਂ , ਗਤੀਵਿਧੀਆਂ ਤੇ ਵਿਦਿਆਰਥੀ - ਕੇਂਦਰਿਤ ਕਿਰਿਆਵਾਂ ਆਦਿ ਰਾਹੀਂ ਆਪਣੇ ਵਿਦਿਆਰਥੀਆਂ ਨੂੰ ਜਿੱਥੇ ਸਾਖਰ ਤੇ ਗਿਆਨਵਾਨ ਬਣਾਉਣ ਦੀਆਂ ਨਿਰੰਤਰ ਕੋਸ਼ਿਸ਼ਾਂ ਕਰਦਾ ਹੈ , ਉੱਥੇ ਹੀ ਉਨ੍ਹਾਂ ਅੰਦਰ ਛੁਪੇ ਹੋਏ ਵਿਸ਼ੇਸ਼ ਹੁਨਰਾਂ ਤੇ ਗੁਣਾਂ ਨੂੰ ਲੱਭ ਕੇ ਉਹਨਾਂ ਨੂੰ ਨਿਖਾਰਦਾ ਵੀ ਹੈ ਤਾਂ ਜੋ ਉਸਦੇ ਵਿਦਿਆਰਥੀਆਂ ਨੂੰ ਹਕੀਕੀ - ਜੀਵਨ ਦੀ ਸੋਝੀ ਹੋ ਸਕੇ ਅਤੇ ਉਸ ਦੇ ਵਿਦਿਆਰਥੀ ਸਮਝਦਾਰ ਤੇ ਦੂਰਅੰਦੇਸ਼ੀ ਚੰਗੇ ਨਾਗਰਿਕ ਬਣ ਸਕਣ। ਇਸ ਸਭ ਦੇ ਲਈ ਕੀਤੇ ਜਾ ਰਹੇ ਅਨੇਕਾਂ ਉਪਰਾਲਿਆਂ ਵਿੱਚੋਂ ਸਰਕਾਰ ਤੇ ਅਧਿਆਪਕਾਂ ਵੱਲੋਂ ਕੀਤਾ ਜਾ ਰਿਹਾ ਬਹੁਤ ਉੱਤਮ ਤੇ ਵਿਦਿਆਰਥੀਆਂ ਲਈ ਲਾਹੇਵੰਦ ਉਪਰਾਲਾ ਹੈ : ਵਿੱਦਿਅਕ - ਟੂਰ। ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਵਿੱਦਿਅਕ - ਟੂਰ ਲਗਵਾਉਣ ਦਾ ਸਰਕਾਰ ਤੇ ਅਧਿਆਪਕਾਂ ਦਾ ਉਪਰਾਲਾ ਜਿੱਥੇ ਵਿਦਿਆਰਥੀਆਂ ਨੂੰ ਜਮਾਤ ਕਮਰੇ ਤੋਂ ਬਾਹਰ ਦੀ ਦੁਨੀਆ ਨਾਲ ਸਿੱਧੇ ਤੌਰ 'ਤੇ ਜੋੜ ਕੇ ਉਹਨਾਂ ਨੂੰ ਆਪਣੇ ਇਤਿਹਾਸ , ਵਿਰਸੇ , ਸਭਿਆਚਾਰ , ਆਪਣੇ ਦੇਸ਼ ਭਗਤਾਂ ਤੇ ਮਹਾਨ ਸ਼ਹੀਦਾਂ , ਕੁਦਰਤੀ ਵਾਤਾਵਰਨ , ਬਨਸਪਤੀ , ਵਿਗਿਆਨ ਤੇ ਖੋਜਾਂ , ਕੁਦਰਤੀ ਸੋਮਿਆਂ , ਧਰਤੀ , ਇਤਿਹਾਸਿਕ ਇਮਾਰਤਾਂ , ਸਮਾਰਕਾਂ , ਪ੍ਰਸਿੱਧ ਸਥਾਨਾਂ , ਡੈਮਾਂ , ਲੋਕ ਜੀਵਨ ਆਦਿ ਪ੍ਰਤੀ ਜਾਣੂੰ ਕਰਵਾ ਕੇ ਵਿੱਦਿਅਕ ਮਾਹੌਲ ਨੂੰ ਰੁਚੀਦਾਇਕ ਤੇ ਸੌਖਾ ਬਣਾਉਂਦਾ ਹੈ , ਉੱਥੇ ਹੀ ਇਹ ਵਿੱਦਿਅਕ - ਟੂਰ ਵਿਦਿਆਰਥੀਆਂ ਦਾ ਨਜ਼ਰੀਆ ਬਦਲ ਕੇ ਉਨਾਂ ਅੰਦਰ ਸਮੇਂ ਦੀ ਯੋਗ ਵਰਤੋਂ ਕਰਕੇ ਆਪਸੀ ਤੇ ਸਮਾਜਿਕ ਸਮਾਯੋਜਨ ਕਰਨ , ਯੋਗ ਅਗਵਾਈ ਕਰਨ ਤੇ ਬਾਹਰੀ ਮਾਹੌਲ ਦੇ ਅਨੁਸਾਰ ਢਲਣ ਦੀ ਲਿਆਕਤ ਸਿਖਾਉਂਦੇ ਹਨ। ਇਸ ਸਭ ਦੇ ਨਾਲ ਵਿਦਿਆਰਥੀਆਂ ਦੇ ਮਨਾਂ ਅੰਦਰ ਦੇਸ਼ ਭਗਤੀ ਦੀ ਭਾਵਨਾ ਦਾ ਵਿਕਾਸ ਵੀ ਹੁੰਦਾ ਹੈ ਅਤੇ ਸਾਡੇ ਮਹਾਨ ਸ਼ਹੀਦਾਂ ਪ੍ਰਤੀ ਵੀ ਉਹਨਾਂ ਦੇ ਮਨਾਂ ਅੰਦਰ ਸਤਿਕਾਰ ਦੀ ਭਾਵਨਾ ਪੈਦਾ ਹੁੰਦੀ ਹੈ ; ਕਿਉਂਕਿ ਵਿੱਦਿਅਕ - ਟੂਰਾਂ ਦੀ ਖਾਸ ਵਿਸ਼ੇਸ਼ਤਾ ਇਹੋ ਹੁੰਦੀ ਹੈ ਕਿ ਇਹ ਕਿਤਾਬੀ ਗਿਆਨ ਤੇ ਨੀਰਸਤਾ ਤੋਂ ਬਾਹਰ ਜਾ ਕੇ ਹੂ - ਬ - ਹੂ ਸਥਾਨ , ਸਥਿਤੀ ਤੇ ਮਾਹੌਲ ਨਾਲ ਵਿਦਿਆਰਥੀਆਂ ਨੂੰ ਜੋੜ ਦਿੰਦੇ ਹਨ ਤੇ ਅਜਿਹੀ ਸਿੱਖਿਆ ਅਤੇ ਜਾਣਕਾਰੀ ਵਿਦਿਆਰਥੀਆਂ ਦੇ ਕੋਮਲ ਮਨਾਂ 'ਤੇ ਹਮੇਸ਼ਾ ਲਈ ਆਪਣੀ ਅਮਿੱਟ ਛਾਪ ਛੱਡ ਜਾਂਦੀ ਹੈ ਤੇ ਉਸ ਦੀ ਸੋਚਣ , ਸਮਝਣ , ਵਿਚਾਰਨ ਤੇ ਸਮਾਜ ਵਿੱਚ ਵਿਚਰਨ ਦੀ ਸੋਝੀ ਨੂੰ ਵਿਕਸਿਤ ਕਰਕੇ ਆਪਣਾ ਸਾਰਥਕ , ਸਕਾਰਾਤਮਕ ਤੇ ਦੂਰਗਾਮੀ ਪ੍ਰਭਾਵ ਪਾ ਕੇ ਅਹਿਮ ਭੂਮਿਕਾ ਨਿਭਾਉਂਦੀ ਹੈ। ਸਕੂਲਾਂ ਦੇ ਵਿਦਿਆਰਥੀਆਂ ਦੇ ਵਿੱਦਿਅਕ - ਟੂਰ ਲਗਵਾਉਣ ਦਾ ਸਰਕਾਰ ਦਾ ਇਹ ਉਪਰਾਲਾ ਬਹੁਤ ਸਲਾਹੁਣਯੋਗ ਹੈ। ਇਸ ਦੇ ਨਾਲ ਹੀ ਜਿਹੜੇ ਸਤਿਕਾਰਯੋਗ ਅਧਿਆਪਕ ਸਾਹਿਬਾਨ , ਸਕੂਲ ਪ੍ਰਬੰਧਕ ਆਪਸੀ ਤੇ ਸਮਾਜਿਕ ਤਾਲਮੇਲ/ ਯੋਗਦਾਨ ਨਾਲ ਵਿਦਿਆਰਥੀਆਂ ਦੇ ਵਿੱਦਿਅਕ - ਟੂਰ ਲਗਵਾਉਣ ਦਾ ਅਹਿਮ ਉੱਦਮ ਕਰਦੇ ਹਨ ਉਹਨਾਂ ਦੀ ਇਹ ਖਾਸ ਕੋਸ਼ਿਸ਼ ਵੀ ਵਿਸ਼ੇਸ਼ ਤੌਰ 'ਤੇ ਸਲਾਘਾਯੋਗ ਹੈ। ਸੱਚਮੁੱਚ ਵਿਦਿਆਰਥੀਆਂ ਦੇ ਵਿੱਦਿਅਕ - ਟੂਰ ਮਨੋਵਿਗਿਆਨਿਕ ਤੌਰ 'ਤੇ ਵੀ ਬਹੁਤ ਅਹਿਮੀਅਤ ਰੱਖਦੇ ਹਨ , ਸਿੱਖਣ - ਸਮਝਣ ਪ੍ਰਤੀ ਵਿਦਿਆਰਥੀਆਂ ਅੰਦਰ ਉਤੇਜਨਾ ਪੈਦਾ ਕਰਦੇ ਹਨ ਤੇ ਅੰਧ - ਵਿਸ਼ਵਾਸਾਂ ਤੋਂ ਬਚਾਉਂਦੇ ਹਨ। ਸਰਕਾਰ ਤੇ ਅਧਿਆਪਕਾਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਕਰਵਾਏ ਜਾਂਦੇ ਵਿੱਦਿਅਕ - ਟੂਰ ਅਸਲ ਵਿੱਚ ਸਿੱਖਿਆ ਤੋਂ ਸਮਝ ਵੱਲ ਦਾ ਸਫਰ ਹੈ , ਜੋ ਕਿ ਵਿਦਿਆਰਥੀਆਂ ਨੂੰ ਅਸਲ ਜੀਵਨ - ਜਾਂਚ ਸਿਖਾਉਂਦੇ ਹਨ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ( ਪ੍ਰਸਿੱਧ ਲੇਖਕ ਸ਼੍ਰੀ ਅਨੰਦਪੁਰ ਸਾਹਿਬ ) ਸਾਹਿਤ ਵਿੱਚ ਕੀਤੇ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ। 9478561356