ਬੀਤੇ ਦਿਨ ਫਗਵਾੜਾ ਦੇ ਗੁਰਦਵਾਰਾ ਚੌੜਾ ਖੂਹ ਸਾਹਿਬ ਵਿਖੇ ਬੇਅਦਬੀ ਦੇ ਮਾਮਲੇ ਵਿੱਚ ਕਤਲ ਹੋਏ ਨੌਜਵਾਨ ਦੇ ਮਾਮਲੇ ਵਿੱਚ ਪੰਜਾਬ ਦੇ ਏਡੀਜੀਪੀ (ਲਾਅ ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ ਨੇ ਪ੍ਰੈਸ ਕਾਨਫ਼ਰੰਸ ਵਿੱਚ ਆਖਿਆ ਹੈ ਕਿ ਗੁਰਦਵਾਰਾ ਚੌੜਾ ਖੂਹ ਸਾਹਿਬ ਵਿਖੇ ਬੇਅਦਬੀ ਵਰਗੀ ਕੋਈ ਵੀ ਘਟਨਾ ਨਹੀਂ ਵਾਪਰੀ ਹੈ ਅਤੇ ਉਹ 24 ਘੰਟਿਆਂ ਵਿੱਚ ਇਸ ਸਾਰੇ ਮਾਮਲੇ ਦੀ ਜਾਣਕਾਰੀ ਜਨਤਕ ਕਰ ਦੇਣਗੇ। ਇਸ ਮੌਕੇ ਏਡੀਜੀਪੀ ਨੇ ਦਸਿਆ ਹੈ ਕਿ ਨਿਹੰਗ ਰਮਨਦੀਪ ਸਿੰਘ ਮੰਗੂ ਮੱਠ ਪਹਿਲਾਂ ਵੀ ਜੇਲ੍ਹ ਜਾ ਚੁਕਿਆ ਹੈ ਪਰ ਉਸ ਵਿਰੁੱਧ ਕਤਲ ਦਾ ਇਹ ਪਹਿਲਾ ਮਾਮਲਾ ਹੈ। ਇਸ ਮੌਕੇ ਏਡੀਜੀਪੀ ਨੇ ਇਹ ਵੀ ਆਖਿਆ ਹੈ ਕਿ ਗੁਰਦਵਾਰਾ ਸਾਹਿਬ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਅਦਬੀ ਨਹੀਂ ਹੋਈ ਹੈ। ਪੁਲਿਸ ਨੂੰ ਹੁਣ ਤੱਕ ਦੀ ਜਾਂਚ ਵਿੱਚ ਬੇਅਦਬੀ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਪੁਲਿਸ ਗ੍ਰਿਫ਼ਤਾਰ ਕੀਤੇ ਗਏ ਨਿਹੰਗ ਦਾ ਰਿਮਾਂਡ ਲੈ ਕੇ ਪੁੱਛਗਿੱਛ ਕਰੇਗੀ। ਪੁਲਿਸ ਪੂਰੀ ਤਰ੍ਹਾਂ ਨਾਲ ਡਿਜੀਟਲ ਤਰੀਕੇ ਨਾਲ ਜਾਂਚ ਵਿੱਚ ਲੱਗੀ ਹੋਈ ਹੈ ਅਤੇ ਜਲਦੀ ਹੀ ਮਾਮਲੇ ਦੀ ਸਹੀ ਜਾਣਕਾਰੀ ਜਨਤਕ ਕਰ ਦਿੱਤੀ ਜਾਵੇਗੀ।