ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿੱਚ ਕਰੋਨਾ (Covid-19) ਦੇ ਵਧ ਰਹੇ ਕੇਸਾਂ ਨੂੰ ਦੇਖਦਿਆਂ ਦਿੱਲੀ ਸਰਕਾਰ ਨੇ ਅੱਜ ਰਾਤ 10 ਵਜੇ ਤੋਂ ਲੈ ਕੇ 26 ਅਪ੍ਰੈਲ ਦੀ ਸਵੇਰ 5 ਵਜੇ ਤੱਕ ਲਾਕਡਾਊਨ (Lockdown) ਦਾ ਐਲਾਨ ਕੀਤਾ ਹੈ। ਇਸ ਸਬੰਧੀ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨਾਲ ਹੋਈ ਇਕ ਬੈਠਕ ਤੋਂ ਬਾਅਦ ਇਹ ਐਲਾਨ ਕੀਤਾ।
ਕਰੋਨਾ ਸਬੰਧੀ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਕਰੋਨਾ ਦੀ ਚੌਥੀ ਲਹਿਰ ਚੱਲ ਰਹੀ ਹੈ ਜਿਸ ਕਾਰਨ ਮਾਮਲਿਆਂ ਵਿਚ ਕਾਫ਼ੀ ਵਾਧਾ ਹੋਇਆ ਹੈ ਜਿਸ ਕਾਰਨ ਰੋਜ਼ਾਨਾ 25000 ਦੇ ਕਰੀਬ ਮਾਮਲੇ ਸਾਹਮਣੇ ਆ ਰਹੇ ਹਨ। ਇੰਨੀ ਵੱਡੀ ਗਿਣਤੀ ਵਿਚ ਕਰੋਨਾ ਦੇ ਮਾਮਲੇ ਸਾਹਮਣੇ ਆਉਣ ਕਾਰਨ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ ਜਿਸ ਕਾਰਨ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦਾ ਹੈਲਥ ਵਿਭਾਗ ਇੰਨੀ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੂੰ ਸੰਭਾਲਣ ਦੇ ਸਮਰਥ ਨਹੀਂ ਹੈ। ਜੇਕਰ ਦਿੱਲੀ ਵਿਚ ਲਾਕਡਾਊਨ ਨਾ ਲਗਾਇਆ ਜਾਵੇ ਤਾਂ ਸਥਿਤੀ ਇਸ ਤੋਂ ਭਿਆਨਕ ਰੂਪ ਧਾਰ ਸਕਦੀ ਹੈ।
ਸ੍ਰੀ ਕੇਜਰੀਵਾਲ ਨੇ ਕਿਹਾ ਕਿ ਸਥਿਤੀ ਨੂੰ ਕਾਬੂ ਵਿੱਚ ਰੱਖਣ ਦੇ ਮਕਸਦ ਨਾਲ ਅੱਜ ਰਾਤ 10 ਵਜੇ ਤੋਂ 26 ਅਪ੍ਰੈਲ ਸਵੇਰੇ 5 ਵਜੇ ਤੱਕ ਲਾਕਡਾਊਨ ਲਗਾਇਆ ਗਿਆ ਹੈ ਪਰ ਇਸ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੂਟ ਦਿੱਤੀ ਗਈ ਹੈ। ਪ੍ਰਾਈਵੇਟ ਦਫ਼ਤਰਾਂ ਨੂੰ ਘਰ ਤੋਂ ਕੰਮ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਵਿੱਚ ਅੱਧੇ ਅਫ਼ਸਰ ਆਉਣਗੇ। ਬਿਨਾਂ ਵਜ੍ਹਾ ਇਧਰ ਉਧਰ ਆਉਣ ਜਾਣ ’ਤੇ ਪਾਬੰਦੀ ਰਹੇਗੀ। ਵੈਕਸੀਨ ਲਗਾਉਣ ਵਾਲਿਆਂ ਨੂੰ ਲਾਕਡਾਊਨ ਤੋਂ ਛੂਟ ਦਿੱਤੀ ਗਈ ਹੈ। ਰੇਲਵੇ ਸਟੇਸ਼ਨ, ਏਅਰਪੋਰਟ, ਬੱਸ ਸਟੈਂਡ ਜਾਣ ਵਾਲਿਆਂ ਨੂੰ ਵੀ ਛੂਟ ਦਿੱਤੀ ਗਈ ਹੈ। ਉਨ੍ਹਾਂ ਕੋਲ ਟਿਕਟ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਮੈਟਰੋ, ਬੱਸ ਸੇਵਾਵਾਂ ਜਾਰੀ ਰਹਿਣਗੀਆਂ ਪਰ 50 ਫ਼ੀ ਸਦੀ ਯਾਤਰੀ ਲਈ ਸਫ਼ਰ ਕਰ ਸਕਣਗੇ।
ਦਿੱਲੀ ਵਿਚ ਲਗਾਏ ਲਾਕਡਾਉੂਨ ਵਿੱਚ ਬੈਂਕ, ਏ.ਟੀ.ਐਮ. ਅਤੇ ਪਟਰੋਲ ਪੰਪ ਖੁੱਲ੍ਹੇ ਰਹਿਣਗੇ ਅਤੇ ਧਾਰਮਕ ਸਥਾਨਾਂ ਨੂੰ ਵੀ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਧਾਰਮਕ, ਰਾਜਨੀਤਿਕ, ਸਮਾਜਿਕ ਪ੍ਰੋਗਰਾਮਾਂ ’ਤੇ ਪੂਰਨ ਰੂਪ ਵਿਚ ਪਾਬੰਦੀ ਲਗਾਈ ਗਈ ਹੈ। ਸਟੇਡੀਅਮ ਵਿੱਚ ਮੈਚ ਬਿਨਾਂ ਦਰਸ਼ਕਾਂ ਦੇ ਖੇਡਣ ਦੀ ਆਗਿਆ ਦਿੱਤੀ ਗਈ ਹੈ। ਥੀਏਟਰ, ਆਡੀਟੋਰੀਅਮ, ਜਿੰਮ, ਸਪਾ, ਸਵੀਮਿੰਗ ਪੂਲ ਬੰਦ ਰਹਿਣਗੇ। ਪਹਿਲਾਂ ਤੋਂ ਮਿਥੀਆਂ ਗਏ ਵਿਆਹਾਂ ’ਤੇ ਛੂਟ ਹੋਵੇਗੀ ਪਰ ਈਪਾਸ ਜਾਰੀ ਕਰਵਾਉਣੇ ਲਾਜ਼ਮੀ ਕਰਾਰ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਵੱਲੋਂ ਇਹ ਸਖ਼ਤ ਕਦਮ ਬੀਤੇ ਦਿਨੀਂ ਦਿੱਲੀ ਵਿਚ ਆਏ 25000 ਦੇ ਕਰੀਬ ਮਾਮਲਿਆਂ ਦੇ ਮੱਦੇਨਜ਼ਰ ਚੁੱਕੇ ਗਏ ਹਨ।