ਸੁਨਾਮ : ਸੂਬੇ ਦੀ ਭਗਵੰਤ ਮਾਨ ਤੇ ਵਾਅਦਿਆਂ ਤੋਂ ਮੁੱਕਰਨ ਦੇ ਇਲਜ਼ਾਮ ਲਾਉਂਦਿਆਂ ਪੈਨਸ਼ਨਰਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ "ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ" ਵੱਲੋਂ ਸ਼ਨਿੱਚਰਵਾਰ ਨੂੰ ਸੁਨਾਮ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਕਾਲੀਆਂ ਝੰਡੀਆਂ ਲੈਕੇ ਧਰਨਾ ਦਿੱਤਾ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਫਰੰਟ ਦੇ ਆਗੂਆਂ ਨੇ ਸਰਕਾਰ ਦੇ ਨਾਂਅ ਨਾਇਬ ਤਹਿਸੀਲਦਾਰ ਅਮਿੱਤ ਕੁਮਾਰ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਫਰੰਟ ਦੇ ਆਗੂਆਂ ਜਗਦੇਵ ਸਿੰਘ ਬਾਹੀਆ, ਗੁਰਪ੍ਰੀਤ ਸਿੰਘ ਮੰਗਵਾਲ, ਭੁਪਿੰਦਰ ਸਿੰਘ ਛਾਜਲੀ, ਜੀਤ ਸਿੰਘ ਬੰਗਾ, ਸੋਮ ਸਿੰਘ, ਸੁਰਿੰਦਰ ਸਿੰਘ ਸੁਨਾਮ ਅਤੇ ਉਜਾਗਰ ਸਿੰਘ ਜੱਗਾ ਨੇ ਕਿਹਾ ਕਿ ਸੂਬੇ ਅੰਦਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਦੋ ਸਾਲ ਪੂਰੇ ਹੋਣ ਵਾਲੇ ਹਨ ਪ੍ਰੰਤੂ ਅੱਜ ਤੱਕ ਸਾਂਝੇ ਫਰੰਟ ਵੱਲੋਂ ਦਿੱਤੇ ਮੰਗ ਪੱਤਰਾਂ ਵਿੱਚੋਂ ਨਾ ਹੀ ਮੰਗਾਂ ਦਾ ਨਿਪਟਾਰਾ ਕੀਤਾ ਗਿਆ ਹੈ ਅਤੇ ਨਾ ਹੀ ਸਾਂਝੇ ਫਰੰਟ ਨਾਲ ਕੋਈ ਮੀਟਿੰਗ ਕੀਤੀ ਗਈ ਹੈ। ਮੰਗਾਂ ਦਾ ਹੱਲ ਨਾ ਹੋਣ ਕਾਰਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਵੱਲ ਕੇਂਦਰਿਤ ਕਰਨ ਨੂੰ ਯਕੀਨੀ ਬਣਾਵੇ। ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਖਮਿਆਜ਼ਾ ਭੁਗਤਣਾ ਪਵੇਗਾ, ਸਾਂਝਾ ਮੁਲਾਜ਼ਮ ਅਤੇ ਪੈਨਸ਼ਨਰਜ਼ ਫਰੰਟ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਤੋਂ ਸੂਬੇ ਦੀ ਜਨਤਾ ਨੂੰ ਪਿੰਡ ਪਿੰਡ ਜਾਣੂੰ ਕਰਵਾਏਗਾ। ਇਸ ਮੌਕੇ ਪੁਲਿਸ ਮੁਲਾਜ਼ਮਾਂ ਦੀ ਜਥੇਬੰਦੀ ਦੇ ਪ੍ਰਧਾਨ ਹਜੂਰਾ ਸਿੰਘ ਤੋਂ ਇਲਾਵਾ ਸ਼੍ਰੀਰਾਮ ਗਰਗ, ਡਾਕਟਰ ਸ਼ਮਿੰਦਰ ਸਿੰਘ ਸਿੱਧੂ, ਰਾਣੋ ਦੇਵੀ, ਕਰਮਜੀਤ ਸਿੰਘ ਕੰਮਾ ਰਖਰਾਓ, ਸੁਖਦੇਵ ਸਿੰਘ, ਪ੍ਰੇਮ ਚੰਦ, ਪਵਨ ਸ਼ਰਮਾ, ਹਰਮੇਲ ਸਿੰਘ ਮਹਿਰੋਕ, ਅਸ਼ੋਕ ਕੁਮਾਰ, ਪਵਨ ਕੁਮਾਰ ਜਿੰਦਲ, ਚੇਤ ਰਾਮ ਢਿੱਲੋਂ, ਹਰਮੇਲ ਸਿੰਘ ਮਹਿਰੋਕ, ਗਮਦੂਰ ਸਿੰਘ ਜਵੰਧਾ , ਅਮਰੀਕ ਸਿੰਘ ਖੰਨਾ, ਤਰਸੇਮ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਸੇਵਾ ਮੁਕਤ ਮੁਲਾਜ਼ਮਾ ਨੇ ਸਰਕਾਰ ਖ਼ਿਲਾਫ਼ ਰੱਜਕੇ ਭੜ੍ਹਾਸ ਕੱਢੀ।