ਐਸ ਏ ਐਸ ਨਗਰ : ਸ੍ਰੀ ਸਤਿੰਦਰ ਸਿੰਘ ਆਈ ਪੀ ਐਸ ਐੱਸ.ਐੱਸ.ਪੀ. ਜ਼ਿਲ੍ਹਾ ਐਸ.ਏ.ਐੱਸ ਨਗਰ ਨੇ ਇੱਕ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਭੋਲੇ ਭਾਲੇ ਨੌਜਵਾਨਾਂ ਨੂੰ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਪੈਸੇ ਦੀ ਠੱਗੀ ਮਾਰਨ ਦੇ ਕਈ ਮਾਮਲੇ ਸਾਹਮਣੇ ਆਏ ਹਨ। ਜਿਹਨਾਂ ’ਤੇ ਮੋਹਾਲੀ ਪੁਲਿਸ ਵਲੋਂ ਤੁਰੰਤ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਮੋਹਾਲੀ ਜ਼ਿਲ੍ਹੇ ਅੰਦਰ ਥਾਣਾ ਫੇਜ਼-1, ਥਾਣਾ ਮਟੌਰ, ਥਾਣਾ ਸਿਟੀ ਖਰੜ, ਥਾਣਾ ਹੰਡੇਸਰਾ ਅਤੇ ਥਾਣਾ ਢਕੋਲੀ ਵਿੱਚ ਵੱਖ- ਵੱਖ-ਦੋਸ਼ੀਆਂ ਦੇ ਬਰਖਿਲਾਫ 5 ਮੁਕੱਦਮੇ ਦਰਜ ਕੀਤੇ ਜਾ ਚੁੱਕੇ ਹਨ। ਨੌਕਰੀ ਦਾ ਝਾਂਸਾ ਦੇ ਕੇ ਠੱਗੀ ਮਾਰਨ ਸਬੰਧੀ 33 ਦਰਖਾਸਤਾਂ ਵੀ ਮਿਲੀਆਂ ਹਨ।
ਇਸ ਤੋਂ ਇਲਾਵਾ ਨੌਕਰੀ ਦਾ ਝਾਂਸਾ ਦੇ ਕੇ ਆਨਲਾਈਨ ਠੱਗੀ ਮਾਰਨ ਸਬੰਧੀ ਵੀ ਐਂਟੀ ਸਾਈਬਰ ਕਰਾਈਮ ਸੈੱਲ ਜਿਲ੍ਹਾ ਐੱਸ.ਏ.ਐੱਸ ਨਗਰ ਵਿੱਚ 33 ਦਰਖਾਸਤਾਂ ਪ੍ਰਾਪਤ ਹੋਈਆਂ ਹਨ। ਇਹਨਾਂ ਦਰਖਾਸਤਾਂ ’ਤੇ ਵੀ ਪੜਤਾਲ ਮੁਕੰਮਲ ਕਰਕੇ ਜਿਨ੍ਹਾਂ ਵੀ ਵਿਅਕਤੀਆਂ ਦਾ ਦੋਸ਼ ਪਾਇਆ ਜਾਵੇਗਾ, ਉਨਾ ਬਰਖਿਲਾਫ ਵੀ ਮੁਕੱਦਮੇ ਦਰਜ ਕਰਕੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਐੱਸ.ਐੱਸ.ਪੀ. ਨੇ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਠੱਗ ਕਿਸਮ ਦੇ ਵਿਅਕਤੀਆਂ ਦੇ ਚੁੰਗਲ ਵਿੱਚ ਨਾ ਫਸਣ। ਪੈਸਿਆਂ ਨਾਲ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਨਹੀਂ ਮਿਲਦੀ, ਸਗੋਂ ਇਹ ਨੌਕਰੀਆਂ ਕੇਵਲ ਵਿਦਿਅਕ ਯੋਗਤਾ ਅਤੇ ਮੈਰਿਟ ਦੇ ਅਧਾਰ ਪਰ ਹੀ ਮਿਲਦੀਆਂ ਹਨ। ਇਸ ਕਾਰਨ ਨੌਜਵਾਨਾਂ ਨੂੰ ਅਜਿਹੇ ਨੌਸਰਬਾਜਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਅਗਰ ਕਿਸੇ ਵਿਅਕਤੀ ਨੂੰ ਨੌਕਰੀ ਲਗਵਾਉਣ ਲਈ ਕਿਸੇ ਵਿਅਕਤੀ ਵੱਲੋਂਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਜਾਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਪੈਸਿਆਂ ਦੇ ਬਦਲੇ ਨੌਕਰੀ ਦਿਵਾ ਸਕਦਾ ਹੈ ਤਾਂ ਤੁਰੰਤ ਉਸ ਸਬੰਧੀ ਐਸ ਐਸ ਪੀ ਦੇ ਦਫਤਰ, ਕੰਟਰੋਲ ਰੂਮ ਮੋਹਾਲੀ ਜਾਂ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ ਇਤਲਾਹ ਦਿੱਤੀ ਜਾਵੇ ਤਾਂ ਜੋ ਮਾੜੇ ਅਨਸਰਾਂ ਦੇ ਬਰਖਿਲਾਫ ਸਮੇਂ ਸਿਰ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਇਸ ਤੋਂ ਇਲਾਵਾ ਕਈ ਠੱਗਾਂ ਵੱਲੋਂ ਟੈਲੀਫੋਨ ਕਾਲ ਰਾਹੀਂ ਜਾਂ ਇੰਟਰਨੈੱਟ ਪਰ ਇਸ਼ਤਿਹਾਰਾਂ ਰਾਹੀਂ ਨੌਕਰੀ ਲਗਵਾਉਣ ਦਾ ਲਾਲਚ ਦੇ ਕੇ ਆਨਲਾਈਨ ਪੈਸੇ ਭੇਜਣ ਦੀ ਮੰਗ ਕੀਤੀ ਜਾਂਦੀ ਹੈ, ਅਜਿਹੇ ਠੱਗਾਂ ਤੋਂ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਐੱਸ.ਐੱਸ.ਪੀ. ਨੇ ਅੱਗੇ ਦੱਸਿਆ ਕਿ ਇੰਟਰਨੈੱਟ ਮਾਧਿਅਮ ਦੇ ਜਿੱਥੇ ਬਹੁਤ ਸਾਰੇ ਫਾਇਦੇ ਹਨ, ਉੱਥੇ ਇਨ੍ਹਾਂ ਮਾੜੇ ਅਨਸਰਾਂ ਵੱਲੋਂ ਠੱਗੀ ਮਾਰਨ ਲਈ ਵੀ ਇੰਟਰਨੈੱਟ ਦੀ ਵਰਤੋਂ ਕੀਤੀ ਜਾ ਰਹੀ ਹੈ। ਇੰਟਰਨੈੱਟ ਦੇ ਕਿਸੇ ਵੀ ਪਲੇਟਫਾਰਮ ਪਰ ਕੋਈ ਇਸ਼ਤਿਹਾਰ ਜਾਂ ਦਾਅਵਾ ਪੜ੍ਹ ਕੇ ਉਸ ਪਰ ਵਿਸ਼ਵਾਸ਼ ਨਾ ਕੀਤਾ ਜਾਵੇ, ਸਗੋਂ ਦੇਖਣ ਪਰਖਣ ਤੋਂ ਬਾਦ ਹੀ ਅਜਿਹੇ ਕਿਸੇ ਵਿਅਕਤੀ ਜਾਂ ਸੰਸਥਾ ਪਰ ਵਿਸ਼ਵਾਸ਼ ਕੀਤਾ ਜਾਵੇ।