2 ਫ਼ਰਵਰੀ 2024 ਨੂੰ ਰਿਲੀਜ਼ ਹੋਣ ਵਾਲੀ ਐਕਸ਼ਨ ਭਰਪੂਰ ਪੰਜਾਬੀ ਫ਼ਿਲਮ ‘ਵਾਰਨਿੰਗ-2’ ਦੀ ਪਿਛਲੇ ਲੰਬੇ ਸਮੇਂ ਤੋਂ ਦਰਸ਼ਕ ਬਹੁਤ ਹੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ‘ਵਾਰਨਿੰਗ-2’ ਫ਼ਿਲਮ ਦੀ ਕਹਾਣੀ ਅਮਰ ਹੁੰਦਲ ਡਾਇਰੈਕਟਰ ਦੁਆਰਾ ਤਿਆਰ ਕੀਤੀ ਅਤੇ ਪ੍ਰਸਿੱਧ ਅਦਾਕਾਰ ਗਿੱਪੀ ਗਰੇਵਾਲ ਦੁਆਰਾ ਲਿਖੀ ਕਹਾਣੀ ਤੇ ਆਧਾਰਿਤ ਹੈ। ਇਸ ਫ਼ਿਲਮ ਦੇ ਪਹਿਲੇ ਭਾਗ ਵਿੱਚ ਪੰਮਾ ‘ਪ੍ਰਿੰਸ ਕੰਵਲੀਜੀਤ ਸਿੰਘ’ ਦੁਆਰਾ ‘ਬਾਈ ਜੀ’ ਅਤੇ ਹੋਰਨਾਂ ਨੂੰ ਮਾਰ ਕੇ ਜੇਲ੍ਹ ਚਲਾ ਜਾਂਦਾ ਹੈ। ਇਹ ਫ਼ਿਲਮ ਪਿਛਲੀ ਫ਼ਿਲਮ ਦੀ ਕਹਾਣੀ ਤੋਂ ਅੱਗੇ ਸ਼ੁਰੂ ਹੁੰਦੀ ਹੈ, ਜਦੋਂ ਉਸਦੀ ਮੰਗੇਤਰ ਰੌਣਕ (ਜੈਸਮੀਨ ਭਸੀਨ) ਦੁਆਰਾ ਗੇਜੇ (ਗਿੱਪੀ ਗਰੇਵਾਲ) ਨਾਲ ਵਿਆਹ ਕਰਵਾਉਣ ਤੇ ਉਸਦਾ ਪਿਤਾ (ਹੌਬੀ ਧਾਲੀਵਾਲ) ਗੇਜੇ ਦੇ ਪਰਿਵਾਰਕ ਮੈਂਬਰਾਂ ਅਤੇ ਆਪਣੀ ਲੜਕੀ ਰੌਣਕ ਨੂੰ ਮਾਰ ਦਿੰਦਾ ਹੈ। ਇਸ ਮਗਰੋਂ ਗੇਜਾ ਵੀ ਪੰਮੇ ਨੂੰ ਮਾਰਨ ਲਈ ਗਿਣੀ ਮਿੱਥੀ ਸ਼ਾਜਿਸ ਅਨੁਸਾਰ ਜੇਲ੍ਹ ਚਲਾ ਜਾਂਦਾ ਹੈ। ਜੇਲ੍ਹ ਵਿੱਚ ਸੀਟੀ (ਰਘਬੀਰ ਬੋਲੀ), ਗਾਟੀ (ਦੀਦਾਰ ਗਿੱਲ) ਅਤੇ ਹੋਰ ਸਾਥੀ ਪੰਮੇ ਨੂੰ ਖਤਰਨਾਕ ਕੈਦੀਆਂ ਬਾਰੇ ਦੱਸਦੇ ਹਨ। ਜੇਲ੍ਹ ਵਿੱਚ ਗੇਜੇ ਅਤੇ ਪੰਮੇ ਦੀ ਆਪਸ ਵਿੱਚ ਕਈ ਵਾਰ ਮੁਲਾਕਾਤ ਹੁੰਦੀ ਹੈ ਅਤੇ ਜੇਲ੍ਹ ਵਿੱਚ ਹੀ ਕੈਦੀਆਂ ਦੀ ਲੜਾਈ ਦੌਰਾਨ ਕਈ ਕੈਦੀ ਮਾਰੇ ਵੀ ਜਾਂਦੇ ਹਨ। ਦੂਸਰੇ ਪਾਸੇ ਰੌਣਕ ਦਾ ਭਰਾ ਰਾਣਾ (ਜੱਗੀ ਸਿੰਘ) ਆਪਣੇ ਪਿਓ ਦੀ ਮੌਤ ਦਾ ਬਦਲਾ ਲੈਣ ਲਈ ਗੇਜੇ ਨੂੰ ਮਾਰਨ ਲਈ ਰਾਜਸਥਾਨ ਵੱਲ ਜਾਂਦਾ ਹੈ, ਕਿਉਕਿ ਕੁਝ ਖਤਰਨਾਕ ਕੈਦੀ ਪੰਜਾਬ ਤੋਂ ਰਾਜਸਥਾਨ ਜੇਲ੍ਹ ਲਈ ਦਬੰਗ ਇੰਸਪੈਕਟਰ ਰਣਜੀਤ (ਰਾਹੁਲ ਦੇਵ) ਦੀ ਦੇਖ ਰੇਖ ਹੇਠ ਤਬਦੀਲ ਕੀਤੇ ਜਾ ਰਹੇ ਹਨ।
ਫਿਲਮ ਵਿੱਚ ਕੀ ਗੇਜਾ ਪੰਮੇ ਨੂੰ ਮਾਰ ਦਿੰਦਾ ਹੈ? ਕੀ ਰਾਣਾ ਗੇਜੇ ਨੂੰ ਮਾਰਨ ਵਿੱਚ ਸਫ਼ਲ ਹੁੰਦਾ ਹੈ? ਕੀ ਇੰਸਪੈਕਟਰ ਰਣਜੀਤ ਖਤਰਨਾਕ ਕੈਦੀਆਂ ਨੂੰ ਰਾਜਸਥਾਨ ਜੇਲ੍ਹ ਪਹੁੰਚਾਉਣ ਵਿੱਚ ਸਫ਼ਲ ਹੁੰਦਾ ਹੈ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਰਿਲੀਜ਼ ਹੋਣ ਵਾਲੀ ਫ਼ਿਲਮ ‘ਵਾਰਨਿੰਗ-2’ ਵੇਖਣ ਮਗਰੋਂ ਦਰਸ਼ਕਾਂ ਨੂੰ ਮਿਲ ਜਾਣਗੇ। ਫ਼ਿਲਮ ਵਿੱਚ ਸਮੁੱਚੇ ਅਦਾਕਾਰਾਂ ਨੇ ਆਪੋ ਆਪਣੇ ਰੋਲਾਂ ਨੂੰ ਬਹੁਤ ਹੀ ਬਾਖੂਬੀ ਨਾਲ ਨਿਭਾਇਆ ਹੈ। ਬੇਸ਼ੱਕ ਗਿੱਪੀ ਗਰੇਵਾਲ ਇਸ ਫ਼ਿਲਮ ਦਾ ਮੁੱਖ ਹੀਰੋ ਵਿਖਾਇਆ ਗਿਆ ਹੈ, ਪਰ ਇਹ ਵੀ ਸੱਚ ਹੈ ਕਿ ਦਰਸ਼ਕ ਪੰਮੇ ਦੀ ਅਦਾਕਾਰੀ ਨੂੰ ਵੇਖਣ ਲਈ ਸਿਨੇਮਿਆਂ ਵਿੱਚ ਇਸ ਫ਼ਿਲਮ ਦੀ ਉਡੀਕ ਕਰ ਰਹੇ ਹਨ, ਕਿਉਂਕਿ 2021 ਦੀ ਵਾਰਨਿੰਗ ਫ਼ਿਲਮ ਵਿੱਚ ਉਸਦਾ ‘ਪੰਮਾ ਬੋਲਦਾ ਵੀਰੇ’ ਡਾਇਲਾਗ ਨੌਜਵਾਨਾਂ ਨੇ ਖੂਬ ਪਸੰਦ ਕੀਤਾ ਸੀ ਅਤੇ ਅੱਜ ਵੀ ਇਸ ਫ਼ਿਲਮ ਦਾ ਨਾਂਅ ਲੈਂਦਿਆਂ ਹੀ ਦਰਸ਼ਕ ‘ਪੰਮੇ’ ਨੂੰ ਜਰੂਰ ਚੇਤੇ ਕਰਦੇ ਹਨ। 8.50 ਕਰੋੜ ਦੀ ਲਾਗਤ ਨਾਲ ਬਣੀ ਇਸ ਐਕਸ਼ਨ ਫ਼ਿਲਮ ਦਾ ਜਿਆਦਾਤਰ ਹਿੱਸਾ ਜੇਲ੍ਹ ਵਿੱਚ ਹੀ ਫਿਲਮਾਇਆ ਗਿਆ ਹੈ ਅਤੇ ਕੁਝ ਹਿੱਸਾ ਕੁਰਾਲੀ ਅਤੇ ਇਸਦੇ ਲਾਗਲੇ ਇਲਾਕਿਆਂ ਵਿੱਚ ਅਤੇ ਕੁਝ ਭਾਗ ਰਾਜਸਥਾਨ ਵਿੱਚ ਵੀ ਫ਼ਿਲਮਾਇਆ ਗਿਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਫਿਲਮ ਆਪਣੀ ਲੜੀਵਾਰਤਾ ਕਾਇਮ ਰੱਖਣ ਵਿੱਚ ਸਫ਼ਲ ਹੋਈ ਹੈ ਅਤੇ ਇਹ ਫਿਲਮ ਅਖੀਰ ਵਿੱਚ ਕੁਝ ਸਵਾਲ ਆਪਣੇ ਅਗਲੇ ਤੀਸਰੇ ਭਾਗ ਲਈ ਜਰੂਰ ਛੱਡ ਗਈ ਹੈ। 2 ਫ਼ਰਵਰੀ ਨੂੰ ਰਿਲੀਜ ਹੋਣ ਵਾਲੀ ਇਸ ਫ਼ਿਲਮ ਨੂੰ ਦਰਸ਼ਕ ਕਿੰਨਾ ਕੁ ਪਸੰਦ ਕਰਦੇ ਹਨ, ਇਹ ਆਉਣ ਵਾਲੇ ਹਫ਼ਤੇ ਵਿੱਚ ਸਾਫ਼ ਹੋ ਜਾਵੇਗਾ।