ਵਿੱਤ ਮੰਤਰੀ SitaRaman ਵੱਲੋਂ ਅੱਜ ਸਰਕਾਰ ਦਾ ਅੰਤਰਿਮ ਬਜਟ ਪੇਸ਼ ਕੀਤਾ ਗਿਆ। ਆਪਣੇ 58 ਮਿੰਟ ਦੇ ਭਾਸ਼ਣ ਦੌਰਾਨ ਵਿੱਤ ਮੰਤਰੀ ਵੱਲੋਂ ਬਜਟ ਬਾਰੇ ਜਾਣਕਾਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਪੇਸ਼ ਕੀਤੇ ਗਏ ਇਸ ਬਜਟ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਬਜਟ ਵਿੱਚ ਇਨਕਮ ਟੈਕਸ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਨਹੀਂ ਕੀਤੀ ਗਈ ਹੈ। 2.5 ਲੱਖ ਤੱਕ ਦੀ ਕਮਾਈ ਨੂੰ ਟੈਕਸ ਫ਼੍ਰੀ ਦੇ ਘੇਰੇ ਵਿੱਚ ਰੱਖਿਆ ਗਿਆ ਹੈ। ਜਦਕਿ 87ਏ ਦੇ ਤਹਿਤ 5 ਲੱਖ ਤੱਕ ਦੀ ਕਮਾਈ ਵਾਲਾ ਵੀ ਟੈਕਸ ਤੋਂ ਬਚ ਸਕਦਾ ਹੈ।
ਜੇਕਰ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਐਮ.ਐਸ.ਪੀ. ਦੀ ਗੱਲ ਕੀਤੀ ਜਾਵੇ ਤਾਂ ਇਸ ਬਜਟ ਵਿੱਚ ਐਮ.ਐਸ.ਪੀ. ਦਾ ਦਾਇਰਾ ਨਹੀਂ ਵਧਾਇਆ ਗਿਆ ਹੈ। ਸਰਕਾਰ ਵੱਲੋਂ ਐਗਰੀਕਲਚਰ ਸੈਕਟਰ ਨੂੰ 1.27 ਲੱਖ ਰੁਪਏ ਦਿੱਤੇ ਹਨ ਜਿਹੜੇ ਕਿ ਪਿਛਲੀ ਬਾਰ ਦੇ ਮੁਕਾਬਲੇ ਸਿਰਫ਼ 2 ਫ਼ੀ ਸਦੀ ਹੀ ਜ਼ਿਆਦਾ ਹੈ ਜਿਹੜਾ ਕਿ ਪਿਛਲੀ ਵਾਰ 1.25 ਲੱਖ ਕਰੋੜ ਰੁਪਏ ਸੀ। ਸਿੱਖਿਆ ਅਤੇ ਰੁਜ਼ਗਾਰ ਵਰਗੇ ਅਹਿਮ ਮੁੱਦੇ ਜਿਨ੍ਹਾਂ ਨੂੰ ਚੁੱਕ ਕੇ ਸਰਕਾਰ ਬਣੀ ਸੀ ਉਸ ’ਤੇ ਵੀ ਕੁੱਝ ਖ਼ਾਸ ਧਿਆਨ ਨਹੀਂ ਦਿੱਤਾ ਗਿਆ ਹੈ। 1 ਲੱਖ ਕਰੋੜ ਰੁਪਏ ਦੇ ਕਾਰਪਸ ਫ਼ੰਡ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ 50 ਸਾਲ ਤੱਕ ਦੀ ਮਿਆਦ ਲਈ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇਗਾ।
ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਰਖਿਆ ਖ਼ਰਚਿਆਂ ਲਈ 6.2 ਲੱਖ ਕਰੋੜ ਰੱਖੇ ਗਏ ਹਨ ਜਿਹੜੇ ਕਿ ਪਿਛਲੀ ਵਾਰ ਨਾਲੋਂ 3.4 ਫ਼ੀ ਸਦੀ ਜ਼ਿਆਦਾ ਹਨ। ਮੈਟਰੋ ਅਤੇ ਨਮੋ ਭਾਰਤ ਪ੍ਰੋਜੈਕਟਾਂ ਨੂੰ ਵਧਾਇਆ ਜਾਵੇਗਾ। ਰੇਲਵੇ ਫ਼ਰੇਟ ਕੋਰੀਡੋਰ ਤੋਂ ਇਲਾਵਾ ਦੇਸ਼ ਵਿੱਚ 3 ਹੋਰ ਰੇਲਵੇ ਕੋਰੀਡੋਰ ਬਣਾਏ ਜਾਣਗੇ ਅਤੇ 40 ਹਜ਼ਾਰ ਰੇਲ ਕੋਚ ਵੰਡੇ ਭਾਰਤ ਸਟੈਂਡਰਡ ਦੇ ਬਣਾਏ ਜਾਣਗੇ। ਕੋਲੋ ਤੋਂ ਗੈਸ ਬਣਾਉਣ ਦੀ ਸਮਰਥਾ ਨੂੰ 2030 ਤੱਕ 100 ਮੀਟ੍ਰਿਕ ਟਨ ਤੱਕ ਵਧਾ ਦਿਤਾ ਗਿਆ ਹੈ। ਵਿੱਤ ਮੰਤਰੀ ਦਾ ਕਹਿਣਾ ਹੈ ਕਿ ਅਗਲੇ ਵਿੱਤੀ ਸਾਲ ਵਿੱਚ ਟੈਕਸ ਕੁਲੈਕਸ਼ਨ ਤੋਂ ਕੁੱਲ 26.02 ਲੱਖ ਕਰੋੜ ਰੁਪਏ ਮਿਲਣ ਦੀ ਉਮੀਦ ਹੈ।