ਮੋਹਾਲੀ : ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਨਿਪਟਾਰਾ ਕਰਨ ਦੇ ਮੰਤਵ ਨਾਲ 6 ਫ਼ਰਵਰੀ ਤੋਂ ਸ਼ੁਰੂ ਕੀਤੇ ਜਾ ਰਹੇ ‘ਆਪ ਦੀ ਸਰਕਾਰ ਆਪ ਦੇ ਦੁਆਰ’ ਜਨਤਕ ਕੈਂਪਾਂ ਦੀ ਲੜੀ ਦੇ ਮੱਦੇਨਜ਼ਰ ਮੋਹਾਲੀ ਸਬ ਡਵੀਜ਼ਨ ’ਚ ਲੱਗਣ ਵਾਲੇ ਪਿੰਡ/ਵਾਰਡ ਵਾਰ ਕੈਂਪਾਂ ਦੀ ਸਮਾਂ-ਸਾਰਣੀ ਐਸ ਡੀ ਐਮ ਦੀਪਾਂਕਰ ਗਰਗ ਵੱਲੋਂ ਐਤਵਾਰ ਨੂੰ ਜਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਚਾਰ ਪਿੰਡਾਂ/ਵਾਰਡਾਂ ’ਚ ਕੈਂਪ ਲਾਏ ਜਾਣਗੇ, ਜਿਨ੍ਹਾਂ ’ਚ ਮੌਕੇ ’ਤੇ ਹਾਜ਼ਰ ਅਧਿਕਾਰੀ/ਕਰਮਚਾਰੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਕੈਂਪ ਦੌਰਾਨ ਹੱਲ ਕਰਨਗੇ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਪਿੰਡ/ਵਾਰਡ ’ਚ ਲੱਗਣ ਵਾਲੇ ਕੈਂਪ ’ਚ ਮਿੱਥੀ ਤਰੀਕ ਨੂੰ ਪੁੱਜਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ 6 ਫ਼ਰਵਰੀ ਨੂੰ ਕੰਡਾਲਾ (ਕੋਰੂ ਮਾਜਰਾ) ਤੇ ਜਗਤਪੁਰਾ ਦਿਨੇ 10 ਤੋਂ 1 ਵਜੇ ਅਤੇ ਧਰਮਗੜ੍ਹ ਤੇ ਝਿਉਰਹੇੜੀ ਦੁਪਹਿਰ 2 ਤੋਂ 5 ਵਜੇ ਤੱਕ ਕੈਂਪ ਲਾਏ ਜਾਣਗੇ। 7 ਫ਼ਰਵਰੀ ਨੂੰ ਚਾਉ ਮਾਜਰਾ ਤੇ ਮਨੌਲੀ ਦਿਨੇ 10 ਤੋਂ 1 ਵਜੇ ਅਤੇ ਧੁਰਾਲੀ ਤੇ ਸੈਣੀ ਮਾਜਰਾ ਦੁਪਹਿਰ 2 ਤੋਂ 5 ਵਜੇ ਤੱਕ ਕੈਂਪ ਲਾਏ ਜਾਣਗੇ। 8 ਫ਼ਰਵਰੀ ਨੂੰ ਬੜੀ ਅਤੇ ਮਟਰਾ ਸਵੇਰੇ 10 ਤੋਂ 1 ਵਜੇ, ਬਾਕਰਪੁਰ ਤੇ ਸਫੀਪੁਰ ਦੁਪਹਿਰ 2 ਤੋਂ 5 ਵਜੇ, 9 ਫ਼ਰਵਰੀ ਨੂੰ ਅਲੀਪੁਰ ਅਤੇ ਰੁੜਕਾ ਸਵੇਰੇ 10 ਤੋਂ 1 ਵਜੇ, ਚਾਚੂ ਮਾਜਰਾ ਅਤੇ ਨਡਿਆਲੀ ਦੁਪਹਿਰ 2 ਤੋਂ 5 ਵਜੇ ਤੱਕ ਕੈਂਪ ਲਾਏ ਜਾਣਗੇ। 10 ਫ਼ਰਵਰੀ ਨੂੰ ਚੱਪੜਚਿੜੀ ਕਲਾਂ ਅਤੇ ਬਲਿਆਲੀ ਸਵੇਰੇ 10 ਤੋਂ 1 ਵਜੇ, ਚੱਪੜਚਿੜੀ ਖੁਰਦ ਅਤੇ ਬੱਲੋ ਮਾਜਰਾ 2 ਤੋਂ 5 ਵਜੇ, 11 ਫ਼ਰਵਰੀ ਨੂੰ ਸ਼ਾਮਪੁਰ ਅਤੇ ਤੜੌਲੀ ਮਾਜਰਾ ਸਵੇਰੇ 10 ਤੋਂ 1 ਵਜੇ, ਠਸਕਾ ਅਤੇ ਮਨਾਣਾ ਦੁਪਹਿਰ 2 ਤੋਂ 5 ਵਜੇ ਤੱਕ ਕੈਂਪ ਲਾਏ ਜਾਣਗੇ। 12 ਫ਼ਰਵਰੀ ਨੂੰ ਤੰਗੋਰੀ ਅਤੇ ਮਾਣਕਪੁਰ ਕੱਲਰ ਸਵੇਰੇ 10 ਤੋਂ 1 ਵਜੇ, ਮੋਟੇ ਮਾਜਰਾ ਅਤੇ ਬਨੂੜ ਦੇ ਵਾਰਡ ਨੰ: 12, 10, 11, 13, 1, 2 ਵਿਖੇ ਦੁਪਹਿਰ 2 ਤੋਂ 5 ਵਜੇ, 13 ਫ਼ਰਵਰੀ ਨੂੰ ਹਸਨਪੁਰ ਅਤੇ ਰਾਏਪੁਰ ਸਵੇਰੇ 10 ਤੋਂ 1 ਵਜੇ, ਹੁਸੈਨਪੁਰ ਅਤੇ ਦਾਊਂ ਵਿਖੇ ਦੁਪਹਿਰ 2 ਤੋਂ 5 ਵਜੇ ਤੱਕ ਕੈਂਪ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਟੀਚਾ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇੱਕੋ ਛੱਤ ਥੱਲੇ ਪੰਜਾਬ ਸਰਕਾਰ ਵੱਲੋਂ ਜਾਰੀ ਲੋਕ ਭਲਾਈ ਸਕੀਮਾਂ ਦਾ ਲਾਭ ਪੰਹੁਚਾਉਣਾ ਅਤੇ ਨਾਗਰਿਕਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਜਲਦ ਨਿਪਟਾਰੇ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਕੈਂਪ ਵਿੱਚ ਪ੍ਰਾਪਤ ਯੋਗ ਅਰਜ਼ੀਆਂ ਦਾ ਪਹਿਲ ਦੇ ਆਧਾਰ ’ਤੇ ਨਿਬੇੜਾ ਕਰਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਕੈਂਪਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਘਰ-ਘਰ ਜਾ ਕੇ ਦੇਣੀਆਂ ਸ਼ੁਰੂ ਕੀਤੀਆਂ ਗਈਆਂ 43 (ਹੁਣ ਵਧ ਕੇ 45) ਸੇਵਾਵਾਂ ਨਾਲ ਸਬੰਧਤ ਅਰਜ਼ੀਆਂ ਵੀ ਪ੍ਰਾਪਤ ਕੀਤੀਆਂ ਜਾਣਗੀਆਂ ਜੋ ਕਿ 1076 ਨੰਬਰ ’ਤੇ ਕਾਲ ਕਰਕੇ ਬੁੱਕ ਕਰਵਾਈਆਂ ਜਾਂਦੀਆਂ ਹਨ। *ਇਹ ਸੇਵਾਵਾਂ ਕੈਂਪ ’ਚ ਮਿਲਣਗੀਆਂ;* ਐਸ ਡੀ ਐਮ ਦੀਪਪਾਂਕਰ ਗਰਗ ਨੇ ਦੱਸਿਆ ਕਿ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫੇ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਉਸਾਰੀ ਕਿਰਤੀਆਂ ਸਬੰਧੀ ਲਾਭਪਾਤਰੀ, ਜਨਮ ਸਰਟੀਫਿਕੇਟ ’ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਸ਼ਾਦੀ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਦਸਤਾਵੇਜ਼ਾਂ ਦੇ ਤਸਦੀਕ ਸ਼ੁਦਾ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਆਮ ਜਾਤੀ ਸਰਟੀਫਿਕੇਟ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ,ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ’ਚ ਤਬਦੀਲੀ ਆਦਿ ਸ਼ਾਮਲ ਹਨ। *ਇਹ ਸੇਵਾਵਾਂ ਨਹੀਂ ਮਿਲਣਗੀਆਂ;* ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ’ਚ ਕਚਿਹਰੀਆਂ ’ਚ ਬਕਾਇਆ ਪਏ ਕੇਸ, ਸੜਕਾਂ, ਸਕੂਲਾਂ, ਡਿਸਪੈਂਸਰੀਆਂ ਆਦਿ ਦੀ ਅਪਗ੍ਰੇਡੇਸ਼ਨ ਜਾਂ ਉਸਾਰੀ, 5 ਮਰਲਾ ਪਲਾਟ ਸਕੀਮ, ਖੇਤੀਬਾੜੀ ਕਰਜ਼ਾ ਮਾਫ਼ੀ, ਸਕੂਲਾਂ, ਡਿਸਪੈਂਸਰੀਆਂ ’ਚ ਸਰਕਾਰੀ ਕਰਮਚਾਰੀਆਂ ਦੀ ਘਾਟ ਅਤੇ ਉਨ੍ਹਾਂ ਬੁਢਾਪਾ ਪੈਨਸ਼ਨ ਕੇਸਾਂ ਨੂੰ ਨਹੀਂ ਲਿਆ ਜਾਵੇਗਾ, ਜਿਹੜੇ ਲੋਕ ਪੈਨਸ਼ਨ ਲੈਣ ਦੀ ਯੋਗਤਾ ਪੂਰੀ ਨਹੀਂ ਕਰਦੇ। ਇਹਨਾਂ ਕੈਂਪਾਂ ਵਿੱਚ ਸੇਵਾਵਾਂ ਪ੍ਰਾਪਤ ਕਰਨ ਲਈ ਆਧਾਰ ਕਾਰਡ, ਵੋਟਰ ਕਾਰਡ, ਦੋ ਪਾਸਪੋਰਟ ਸਾਈਜ਼ ਫੋਟੋਆਂ ਅਤੇ ਜੇ ਕੋਈ ਸੇਵਾ ਸਕੂਲ ਵਿੱਚ ਪੜ੍ਹਦੇ ਬੱਚਿਆਂ ਲਈ ਹੈ ਤਾਂ ਉਸਦਾ ਜਨਮ ਸਰਟੀਫਿਕੇਟ ਜ਼ਰੂਰੀ ਹੈ।