ਸਮਾਣਾ : ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਪੰਜਾਬ ਦੀ ਅਗਵਾਈ ਵਿੱਚ 25 ਫਰਵਰੀ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਹੋਣ ਜਾ ਰਹੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਦਾ ਮੁੱਢ ਬੰਨ੍ਹਦਿਆਂ ਮੋਰਚੇ ਵਿੱਚ ਸ਼ਾਮਲ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਸੂਬਾ ਕਮੇਟੀ ਮੀਟਿੰਗ ਕੀਤੀ ਗਈ ਜਿਸ ਵਿੱਚ ਸੂਬਾਈ ਅਤੇ ਜ਼ਿਲਾ ਆਗੂ ਟੀਮਾਂ ਨੂੰ ਰੈਲੀ ਦੀ ਕਾਮਯਾਬੀ ਲਈ ਜੰਗੀ ਪੱਧਰ ਤੇ ਯਤਨ ਜਟਾਉਣ ਦਾ ਕਾਰਜ ਸੌਂਪਿਆ ਗਿਆ ਹੈ।
ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਡਾ. ਬਲਜੀਤ ਕੌਰ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਵਿੱਚ ਹਰ ਪੱਧਰ ਦੀਆਂ ਤਰੱਕੀਆਂ ਤੇਜ਼ੀ ਨਾਲ ਨੇਪਰੇ ਚਾੜ੍ਹਨ ਦੇ ਹੁਕਮ
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਤਿੰਨ ਸੰਘਰਸ਼ੀ ਜੱਥੇਬੰਦੀਆਂ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ,ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਵੱਲੋਂ ਪੈਨਸ਼ਨ ਲਾਗੂ ਕਰਨ ਤੋਂ ਭੱਜੀ ਆਪ ਸਰਕਾਰ ਨੂੰ ਐੱਨ.ਪੀ.ਐੱਸ ਮੁਲਾਜ਼ਮਾਂ ਦੀ ਵੱਡੀ ਸੰਘਰਸ਼ੀ ਚੁਣੌਤੀ ਦੇਣ ਲਈ ਸਾਂਝੇ ਮੋਰਚੇ ਦਾ ਗਠਨ ਕੀਤਾ ਗਿਆ ਹੈ।
ਸੂਬਾ ਕਮੇਟੀ ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਫਰੰਟ ਦੇ ਸੂਬਾ ਕਨਵੀਨਰ ਅਤਿੰਦਰਪਾਲ ਸਿੰਘ, ਜ਼ੋਨ ਕਨਵੀਨਰਾਂ ਗੁਰਬਿੰਦਰ ਖਹਿਰਾ, ਇੰਦਰ ਸੁਖਦੀਪ ਸਿੰਘ ਓਢਰਾ ਅਤੇ ਜਸਵੀਰ ਭੰਮਾ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਸਾਂਝੇ ਮੋਰਚੇ ਦਾ ਗਠਨ ਹੋਣਾ ਬਹੁਤ ਮਹੱਤਵਪੂਰਨ ਅਤੇ ਅਤਿ ਲੋੜੀਂਦਾ ਸਵਾਗਤਯੋਗ ਉਪਰਾਲਾ ਹੈ,ਜੋ ਪੈਨਸ਼ਨ ਪ੍ਰਾਪਤੀ ਦੇ ਸੰਘਰਸ਼ ਨੂੰ ਵੱਡੀ ਮੁਲਾਜ਼ਮ ਲਹਿਰ ਵਿੱਚ ਤਬਦੀਲ ਕਰਨ ਦੀਆਂ ਸੰਭਾਵਨਾਵਾਂ ਰੱਖਦਾ ਹੈ। ਉਹਨਾਂ ਕਿਹਾ ਕਿ ਵੱਖ ਵੱਖ ਫਰੰਟਾਂ ਨਾਲ਼ ਜੁੜਿਆ ਜੱਥੇਬੰਦਕ ਕਾਡਰ ਅਤੇ ਆਮ ਐੱਨ.ਪੀ.ਐੱਸ ਮੁਲਾਜ਼ਮ ਸਾਂਝੇ ਮੋਰਚੇ ਦੇ ਬੈਨਰ ਹੇਠ ਹਜ਼ਾਰਾਂ ਦੀ ਗਿਣਤੀ ਵਿੱਚ ਆਪ ਸਰਕਾਰ ਦੀ ਵਾਅਦਾਖਿਲਾਫੀ ਦੇ ਰੋਸ ਵਿੱਚ ਸੰਗਰੂਰ ਰੈਲੀ ਵਿੱਚ ਸ਼ਾਮਲ ਹੋਵੇਗਾ।
ਜ਼ਿਲਾ ਆਗੂ ਸਤਪਾਲ ਸਮਾਣਵੀ ਨੇ ਦੱਸਿਆ ਕਿ ਫਰੰਟ ਵੱਲੋਂ ਸੂਬਾ ਕਮੇਟੀ ਮੀਟਿੰਗ ਵਿੱਚ ਸੰਗਰੂਰ ਰੈਲੀ ਨੂੰ ਸਫ਼ਲ ਬਣਾਉਣ ਲਈ ਵੱਡੇ ਪੱਧਰ ਤੇ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ ਹਨ ਜਿਸ ਤਹਿਤ 10-11 ਫਰਵਰੀ ਨੂੰ ਜ਼ਿਲਾ ਪੱਧਰੀ ਸਾਂਝੀਆਂ ਮੀਟਿੰਗਾਂ ਵਿੱਚ ਭਰਵੀਂ ਗਿਣਤੀ ਵਿੱਚ ਸ਼ਾਮਲ ਹੋਣ ਅਤੇ ਉਪਰੰਤ ਅਗਲੇ ਪੰਦਰਾਂ ਦਿਨ ਸੂਬੇ ਭਰ ਵਿੱਚ ਵੱਡੀ ਲਾਮਬੰਦੀ ਮੁਹਿੰਮ ਚਲਾੳਣ ਦਾ ਫੈਸਲਾ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਜ਼ਿਲਾ ਕਮੇਟੀ ਪਟਿਆਲਾ ਵੱਲੋਂ ਉਪਰੋਕਤ ਫੈਸਲਿਆਂ ਨੂੰ ਲਾਗੂ ਕਰਦਿਆਂ ਜ਼ਿਲੇ ਭਰ ਚੋਂ ਸੰਗਰੂਰ ਰੈਲੀ ਵਿੱਚ ਮੁਲਾਜ਼ਮਾਂ ਦੀ ਮਿਸਾਲੀ ਸ਼ਮੂਲੀਅਤ ਕਰਵਾਈ ਜਾਵੇਗੀ।
ਬਲਾਕ ਆਗੂਆਂ ਜਗਤਾਰ ਰਾਮ, ਭਰਤ ਕੁਮਾਰ, ਅਮਨਦੀਪ ਦੇਵੀਗੜ੍ਹ, ਹਰਮਿੰਦਰ ਸਿੰਘ, ਭਜਨ ਸਿੰਘ, ਬਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੰਬਰ 2022 ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਪਰ ਉਸ ਦੀ ਲਗਭਗ ਇੱਕ ਸਾਲ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਦੇ ਇੱਕ ਵੀ ਮੁਲਾਜ਼ਮ ਦਾ ਜੀਪੀਐੱਫ ਖਾਤਾ ਨਹੀਂ ਖੋਲਿਆ ਗਿਆ ਜਿਸ ਦੇ ਖਿਲਾਫ ਪੰਜਾਬ ਦੇ ਐੱਨਪੀਐੱਸ ਮੁਲਾਜ਼ਮਾਂ ਦਾ ਗੁੱਸਾ ਪੰਜਾਬ ਸਰਕਾਰ ਪ੍ਰਤੀ ਦਿਨੋ ਦਿਨ ਵੱਧ ਰਿਹਾ ਹੈ। ਇਸ ਮੌਕੇ ਬਲਜਿੰਦਰ ਘੱਗਾ,ਮੈਡਮ ਮਨਦੀਪ ਕੌਰ, ਮੈਡਮ ਜੈਕੀ, ਮੈਡਮ ਬਿੰਦੂ, ਮੈਡਮ ਸੁਖਦੀਪ ਕੌਰ, ਮੈਡਮ ਸੁਖਦੀਪ ਕੌਰ ਬੁਢਲਾਡਾ, ਪਰਗਟ ਸਿੰਘ, ਗੁਰਤੇਜ ਸਿੰਘ, ਸੁਖਵੀਰ ਨਾਭਾ, ਸਾਦਿਕ ਮੁਹੰਮਦ, ਰਵਿੰਦਰ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।