ਸਮਾਣਾ : ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨੂੰ ਰੋਕਣ ਲਈ ਚਾਹੇ ਜਿੰਨੇ ਵੀ ਮਰਜੀ ਅੜੀਕੇ ਕਿਉਂ ਨਾ ਲਾ ਲਵੇ ਪ੍ਰੰਤੂ ਕਿਸਾਨ ਦਿੱਲੀ ਦੀਆਂ ਬਰੂਹਾਂ ਨੱਪ ਕੇ ਹੀ ਰਹਿਣਗੇ ਤੇ ਲੰਮੇ ਸਮੇਂ ਤੋਂ ਲਟਕ ਦੀਆਂ ਆ ਰਹੀਆਂ ਕਿਸਾਨੀ ਮੰਗਾਂ ਨੂੰ ਪੂਰਾ ਕਰਵਾ ਕੇ ਹੀ ਵਾਪਿਸ ਪਰਤਨਗੇ। ਇਹ ਚੇਤਾਵਨੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਸਮਾਣਾ ਦੇ ਪ੍ਰਧਾਨ ਗੁਰਨਾਮ ਸਿੰਘ ਢੈਠਲ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਕੇਂਦਰੀ ਦੀ ਮੋਦੀ ਸਰਕਾਰ ਸ਼ੁਰੂ ਤੋਂ ਹੀ ਕਿਸਾਨਾਂ ਨਾਲ ਧ੍ਰੋਹ ਕਮਾ ਰਹੀ ਹੈ ਤੇ ਵਾਰ ਵਾਰ ਵਾਅਦੇ ਕਰਕੇ ਐਮਐਸਪੀ ਤੇ ਹੋਰ ਮੰਗਾਂ ਨੂੰ ਜਾਣਬੁੱਝ ਕੇ ਮਲਕਾਇਆ ਜਾ ਰਿਹੈ। ਜਿਸ ਕਾਰਨ ਕਿਸਾਨਾਂ ਨੂੰ ਆਏ ਦਿਨ ਵੱਡੀਆਂ ਔਕੜਾ ਦਾ ਸਾਹਮਣਾ ਕਰਨਾ ਪੈ ਰਿਹੈ ਤੇ ਕਰਜੇ ਥੱਲੇ ਦਬਣਾ ਪੈ ਰਿਹੈ ਜਿਸ ਨੂੰ ਹੁਣ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਤਾਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨ ਆਪਣੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰਵਾ ਕੇ ਵਾਪਿਸ ਪਰਤਣਗੇ। ਉਨ੍ਹਾਂ ਮੋਦੀ ਸਰਕਾਰ ਤੇ ਹਰਿਆਣਾ ਦੀ ਖੱਟੜ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਕਿਸਾਨਾਂ ਨੂੰ ਦਿੱਲੀ ਕੁਚ ਕਰਨ ਤੋਂ ਰੋਕਣ ਲਈ ਰਸਤੇ ਵਿਚ ਜਿੰਨੇ ਵੀ ਮਰਜੀ ਅੜਿਕੇ ਕਿਉਂ ਨਾ ਢਾਹ ਲਵੇ ਪ੍ਰੰਤੂ ਕਿਸਾਨ ਦਿੱਲੀ ਦੀਆਂ ਬਰੂਹਾਂ ਨੱਪ ਕੇ ਹੀ ਰਹਿਣਗੇ ਫਿਰ ਚਾਹੇ ਇਸ ਲਈ ਉਨ੍ਹਾਂ ਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ। ਇਸ ਮੌਕੇ ਉਨ੍ਹਾਂ ਨਾਲ ਪ੍ਰੈਸ ਸਕੱਤਰ ਸੁਖਜਿੰਦਰ ਸਿੰਘ ਕੁਲਾਰਾਂ,ਸੁਖਵਿੰਦਰ ਸਿੰਘ ਢੈਠਲ,, ਸੁਖਵੰਤ ਸਿੰਘ ਸਰਪੰਚ ਅਸਮਾਨਪੁਰ, ਲਖਮੀਰ ਸਿੰਘ ਸਾਬਕਾ ਸਰਪੰਚ ਢੈਠਲ, ਅਮਰਜੀਤ ਸਿੰਘ ਬਿਜਲਪੁਰ,ਜਸਪਾਲ ਸਿੰਘ ਅਸਮਾਨਪੁਰ ਆਦਿ ਕਿਸਾਨ ਆਗੂ ਹਾਜ਼ਰ ਸਨ।