ਬੜਮਾਜਰਾ : ਲੋਕਤੰਤਰ ਦੇ ਵਿੱਚ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਅਤੇ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਧਰਨੇ-ਪ੍ਰਦਰਸ਼ਨ ਕਰਨ ਦਾ ਹੱਕ ਹੈ, ਕੇਂਦਰ ਸਰਕਾਰ ਨੂੰ ਬਿਨਾਂ ਦੇਰੀ ਕੀਤੀਆਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਇਹ ਗੱਲ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪਿੰਡ ਬੜਮਾਜਰਾ ਵਿਖੇ ‘ਆਪ ਦੀ ਸਰਕਾਰ ਆਪ ਦੇ ਦੁਆਰ’ ਪ੍ਰੋਗਰਾਮ ਦੇ ਤਹਿਤ ਲਗਾਏ ਗਏ ਕੈਂਪ ਦਾ ਜਾਇਜ਼ਾ ਲੈਣ ਮੌਕੇ ਕੀਤਾ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਵਾਅਦੇ ਅਤੇ ਗਰੰਟੀਆਂ ਦਿੱਤੀਆਂ ਗਈਆਂ ਸਨ, ਉਹਨਾਂ ਨੂੰ ਇੱਕ- ਇੱਕ ਕਰਕੇ ਲਗਾਤਾਰ ਪੂਰਾ ਕੀਤਾ ਜਾ ਰਿਹਾ। ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਅਧਿਕਾਰਤ ਕਲੋਨੀਆਂ ਦੇ ਵਿੱਚ ਮਕਾਨ ਬਣਵਾ ਕੇ ਪੂਰੀਆਂ ਸੁੱਖ ਸੁਵਿਧਾਵਾਂ ਕਲੋਨੀ ਨਿਵਾਸੀਆਂ ਨੂੰ ਦੇਣਗੇ, ਉਹਨਾਂ ਨੂੰ ਹੀ ਪੰਜਾਬ ਸਰਕਾਰ ਵੱਲੋਂ ਮਾਨਤਾ ਦਿੱਤੀ ਜਾਵੇਗੀ ਪ੍ਰੰਤੂ ਜਿਹੜੇ ਪ੍ਰਾਪਰਟੀ ਡੀਲਰ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਖਿਲਵਾੜ ਕਰਨਗੇ, ਉਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਅੰਦਰ ਲਿਆਂਦਾ ਜਾਵੇਗਾ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਇਹ 40-50 ਸਾਲਾਂ ਤੋਂ ਚਲੀ ਆ ਰਹੀ ਪ੍ਰਕਿਰਿਆ ਹੈ ਅਤੇ ਕੋਹੜ ਦੀ ਤਰ੍ਹਾਂ ਇਸ ਪੂਰੇ ਸਿਸਟਮ ਨੂੰ ਚਿਮੜੀ ਹੋਈ ਹੈ। ਪ੍ਰੰਤੂ ਹੌਲੀ- ਹੌਲੀ ਕਰਕੇ ਇਸ ਮਸਲੇ ਨੂੰ ਵੀ ਪੂਰੀ ਤਰ੍ਹਾਂ ਹੱਲ ਕਰ ਲਿਆ ਜਾਵੇਗਾ।
ਉਹਨਾਂ ਕਿਹਾ ਕਿ ਇਹਨਾਂ ਕੈਂਪਾਂ ਦੇ ਵਿੱਚ ਲੋਕਾਂ ਨੂੰ ਰੋਜ਼-ਮਰ੍ਹਾ ਦੀਆਂ ਮੁਸ਼ਕਿਲਾਂ ਦਾ ਸਥਾਈ ਹੱਲ ਕਰਨ ਦਾ ਮੌਕਾ ਮੁਹਈਆ ਕਰਵਾਇਆ ਜਾ ਰਿਹਾ ਹੈ ਅਤੇ ਜਿਸ ਦਾ ਰੋਜ਼ਾਨਾ ਇਹਨਾਂ ਕੈਂਪਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕੀ ਪੁੱਜ ਕੇ ਇਹਨਾਂ ਕੈਂਪਾਂ ਦਾ ਫਾਇਦਾ ਉਠਾ ਰਹੇ ਹਨ। ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਬੰਧਤ ਮੁਲਾਜ਼ਮ ਇਹਨਾਂ ਕੈਂਪਾਂ ਦੇ ਵਿੱਚ ਹਾਜ਼ਰ ਰਹਿੰਦੇ ਹਨ ਅਤੇ ਲੋਕਾਂ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਦਾ ਹੱਲ ਮੌਕੇ ਤੇ ਹੀ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਬਲਾਕ ਪ੍ਰਧਾਨ ਅਤੇ ਸਾਬਕਾ ਕੌਂਸਲਰ ਆਰ.ਪੀ.ਸ਼ਰਮਾ, ਸਰਪੰਚ ਰਣਜੀਤ ਕੌਰ, ਐਮ.ਸੀ ਗੁਰਮੀਤ ਕੌਰ, ਗੁਰਨਾਮ ਸਿੰਘ,ਰਾਜੂ ਬਡਮਾਜਰਾ, ਜਸਪਾਲ ਸਿੰਘ ਸਾਬਕਾ ਸਰਪੰਚ, ਹਰਮੇਸ਼ ਸਿੰਘ ਕੁੰਭੜਾ, ਹਰਸੰਗਤ ਸਿੰਘ ਸੁਹਾਣਾ, ਹਰਬਿੰਦਰ ਸੈਣੀ, ਸਾਧੂ ਸਿੰਘ, ਸੈਕਟਰੀ ਗੁਰਨਾਮ ਸਿੰਘ ਸਾਬਕਾ ਸਰਪੰਚ ਸੋਮ ਪ੍ਰਕਾਸ਼, ਬਹਾਦਰ ਸਿੰਘ, ਜਰਨੈਲ ਸਿੰਘ,
ਵੀ ਹਾਜ਼ਰ ਸਨ।