ਪਟਿਆਲਾ : ਸੁਸਾਇਟੀ ਫਾਰ ਪ੍ਰੀਵੈਨਸ਼ਨ ਆਫ ਕਰੂਐਲਿਟੀ ਟੂ ਐਨੀਮਲਜ਼ ਦੀ ਮੀਟਿੰਗ ਮੁੱਖ ਮੰਤਰੀ ਫੀਲਡ ਅਫ਼ਸਰ ਗੋਪਾਲ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ, ਜਿਸ ਵਿੱਚ ਸੋਸਾਇਟੀ ਦੇ ਮੈਂਬਰਾਂ ਵੱਲੋਂ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਮੁੱਖ ਮੰਤਰੀ ਫੀਲਡ ਅਫ਼ਸਰ ਗੋਪਾਲ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਬੇਸਹਾਰਾ ਪਸ਼ੂਆਂ ਦੀ ਸੰਭਾਲ ਲਈ ਵਚਨਬੱਧ ਹੈ। ਇਸ ਮੌਕੇ ਉਨ੍ਹਾਂ ਬੇਸਹਾਰਾ ਪਸ਼ੂਆਂ ਦੀ ਸੰਭਾਲ ਲਈ ਸਮਾਜ ਸੇਵੀ ਜਥੇਬੰਦੀਆਂ ਅਤੇ ਆਮ ਲੋਕਾਂ ਨੂੰ ਵੀ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਐਸ.ਪੀ.ਸੀ.ਏ ਦਾ ਉਦੇਸ਼ ਪਸ਼ੂਆਂ ਦੀ ਭਲਾਈ ਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਜਾਨਵਰਾਂ ਪ੍ਰਤੀ ਹਮਦਰਦੀ ਤੇ ਭਲਾਈ ਨੂੰ ਉਤਸ਼ਾਹਤ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ।
ਮੀਟਿੰਗ ਦੌਰਾਨ ਉਨ੍ਹਾਂ ਬਿਮਾਰ ਅਤੇ ਜ਼ਖਮੀ ਜਾਨਵਰਾਂ ਦੀ ਸਾਂਭ ਸੰਭਾਲ ਲਈ ਸਬੰਧਤ ਵਿਭਾਗ ਨੂੰ ਐਂਬੂਲੈਂਸ ਖਰੀਦਣ ਲਈ ਕਾਰਵਾਈ ਅਰੰਭਣ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਐਨੀਮਲ ਬਰਥ ਕੰਟਰੋਲ (ਏ. ਬੀ. ਸੀ.) ਪ੍ਰੋਗਰਾਮ ਤਹਿਤ ਮਿਊਂਸਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਇਸ ਪ੍ਰੋਗਰਾਮ ਦਾ ਰੀਵਿਊ ਕਰਨ ਲਈ ਕਿਹਾ। ਉਹਨਾਂ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਹੋਰ ਲੋਕਾਂ ਨੂੰ ਵੀ ਸੁਸਾਇਟੀ ਦੇ ਮੈਂਬਰ ਬਣਾਉਣ ਲਈ ਕਾਰਵਾਈ ਜਲਦੀ ਨੇਪਰੇ ਚਾੜ੍ਹੀ ਜਾਵੇ। ਮੀਟਿੰਗ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਜੇ.ਡੀ. ਨੇ ਕਿਹਾ ਕਿ ਵਿਭਾਗ ਵੱਲੋਂ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਮੇਂ ਸਮੇਂ 'ਤੇ ਟੀਕਾਕਰਨ ਮੁਹਿੰਮ ਚਲਾਈ ਜਾਂਦੀ ਹੈ, ਪਰ ਪਸ਼ੂ ਪਾਲਕ ਕਈ ਵਾਰ ਟੀਕਾਕਰਨ ਕਰਵਾਉਣ ਤੋਂ ਇਨਕਾਰ ਕਰ ਦਿੰਦੇ ਹਨ, ਜਿਸ ਕਾਰਨ ਬਿਮਾਰੀ ਫੈਲਣ ਦਾ ਖਦਸ਼ਾ ਰਹਿੰਦਾ ਹੈ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਟੀਕਾਕਰਨ ਮੁਹਿੰਮ ਸਮੇਂ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਦੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਵੀ ਮੌਜੂਦ ਸਨ।