ਪਟਿਆਲਾ : ਸਥਾਨਕ ਹਰਪਾਲ ਟਿਵਾਣਾ ਕਲਾ ਕੇਂਦਰ ਪਟਿਆਲਾ ਵਿਖੇ ਪੰਜਾਬ ਰਾਜ ਤਕਨੀਕੀ ਸੰਸਥਾਵਾਂ ਦੀ ਸਪੋਰਟਸ ਬਾਡੀ ਵੱਲੋਂ ਸਰਕਾਰੀ ਪੌਲੀਟੈਕਨਿਕ ਕਾਲਜ ਪਟਿਆਲਾ ਦੀ ਮੇਜ਼ਬਾਨੀ ਵਿਚ ਕਰਵਾਏ ਜਾ ਰਹੇ ਤਿੰਨ ਰੋਜ਼ਾ ਰਾਜ ਪੱਧਰੀ ਯੁਵਕ ਮੇਲੇ ਦਾ ਉਦਘਾਟਨ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਸੰਬੋਧਨ ਡਾ ਬਲਵੀਰ ਨੇ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਵਧਾਈ ਦਿੰਦਿਆਂ ਪੀ ਟੀ ਆਈ ਐਸ ਅਤੇ ਸਰਕਾਰੀ ਪੌਲੀਟੈਕਨਿਕ ਕਾਲਜ ਪਟਿਆਲਾ ਦੇ ਇਸ ਉਪਰਾਲੇ ਨੂੰ ਰੰਗਲੇ ਪੰਜਾਬ ਦੀ ਸਿਰਜਣਾ ਵਿੱਚ ਮੀਲ ਪੱਥਰ ਦੱਸਿਆ। ਉਹਨਾਂ ਨੇ ਸੰਗੀਤ ਦੀ ਤੁਲਨਾ ਮੈਡੀਟੇਸ਼ਨ ਨਾਲ ਕਰਦਿਆਂ ਉਦਾਹਰਨਾਂ ਸਹਿਤ ਇਸ ਨੂੰ ਡਾਕਟਰੀ ਇਲਾਜ ਤੋਂ ਉੱਤਮ ਦੱਸਦਿਆਂ ਵਿਦਿਆਰਥੀਆਂ ਨੂੰ ਆਪਣੇ ਸਭਿਆਚਾਰਕ ਦਾਇਰੇ ਨੂੰ ਵਿਸ਼ਾਲ ਕਰਨ ਹਿਤ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਸਰਕਾਰ ਦੇ ਮੁੱਖ ਟੀਚਿਆਂ ਵਿਚ ਤਕਨੀਕੀ ਸਿੱਖਿਆ ਵਿਸ਼ੇਸ਼ ਕਰਕੇ ਪੌਲੀਟੈਕਨਿਕ ਸਿੱਖਿਆ ਨੂੰ ਪ੍ਰਫੁਲਿਤ ਕਰਕੇ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਇਸ ਸਭਿਆਚਾਰਕ ਮੇਲੇ ਦੀ ਪ੍ਰਧਾਨਗੀ ਵਿਭਾਗ ਦੇ ਵਧੀਕ ਡਾਇਰੈਕਟਰ ਕਮ ਪੈਟਰਨ ਪੀ ਟੀ ਆਈ ਐਸ ਮੋਹਨਵੀਰ ਸਿੰਘ ਸਿੱਧੂ ਨੇ ਕੀਤੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਸਰਕਾਰੀ ਪੌਲੀਟੈਕਨਿਕ ਕਾਲਜ ਦੇ ਮੀਡੀਆ ਇੰਚਾਰਜ ਪ੍ਰੋ ਨਰਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਇਸ ਯੁਵਕ ਮੇਲੇ ਦੌਰਾਨ ਪੰਜਾਬ ਦੇ 25 ਤੋਂ ਵਧੇਰੇ ਪੌਲੀਟੈਕਨਿਕ ਕਾਲਜਾਂ ਦੇ ਲਗਭਗ 400 ਵਿਦਿਆਰਥੀ ਵੱਖ ਵੱਖ ਵੰਨਗੀਆਂ ਵਿਚ ਭਾਗ ਲੈਣਗੇ।
ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਦੇ ਮੁਕਾਬਲੇ ਤੋਂ ਕੀਤੀ ਗਈ, ਜਿਸ ਵਿਚ ਸਰਕਾਰੀ ਪੌਲੀਟੈਕਨਿਕ ਕਾਲਜ ਪਟਿਆਲਾ ਨੇ ਪਹਿਲਾ ਸਥਾਨ, ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਲੁਧਿਆਣਾ ਨੇ ਦੂਸਰਾ, ਮਿਹਰ ਚੰਦ ਪੌਲੀਟੈਕਨਿਕ ਜਲੰਧਰ ਨੇ ਅਤੇ ਸਰਕਾਰੀ ਪੌਲੀਟੈਕਨਿਕ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। ਪੀ ਟੀ ਆਈ ਐਸ ਦੇ ਪ੍ਰਧਾਨ ਪਰਮਵੀਰ ਮੱਤੇਵਾਲ ਨੇ ਦੱਸਿਆ ਕਿ ਇਹਨਾਂ ਮੇਲਿਆਂ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਨਾਲ ਮੇਲ ਕਰਵਾ ਕੇ ਰੰਗਲੇ ਪੰਜਾਬ ਦੀ ਸਿਰਜਣਾ ਵਿਚ ਯੋਗਦਾਨ ਪਾਉਣਾ ਹੈ। ਰੰਗੋਲੀ ਵਿੱਚ ਸਰਕਾਰੀ ਪੌਲੀਟੈਕਨਿਕ ਕਾਲਜ ਲੁਧਿਆਣਾ ਨੇ ਪਹਿਲਾ ਸਰਕਾਰੀ ਪੌਲੀਟੈਕਨਿਕ ਪਟਿਆਲਾ ਨੇ ਦੂਸਰਾ ਅਤੇ ਜਲੰਧਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਜਗਦੇਵ ਸਿੰਘ ਕਾਲੇਕਾ, ਰਾਜ ਕੁਮਾਰ ਚੋਪੜਾ, ਪ੍ਰਿੰਸੀਪਲ ਡਾ ਅੰਕੁਸ਼ ਕਾਂਸਲ ਥਾਪਰ ਪੌਲੀਟੈਕਨਿਕ ਕਾਲਜ, ਪੀ ਟੀ ਆਈ ਐਸ ਦੇ ਸਕੱਤਰ ਰਾਮ ਸਰੂਪ ਆਰਗੇਨਾਈਜ਼ਿੰਗ ਸਕੱਤਰ ਯਸ਼ਪਾਲ ਪਠਾਣੀਆ ਵਰਕਿੰਗ ਕਮੇਟੀ ਮੈਂਬਰ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ, ਦਵਿੰਦਰ ਸਿੰਘ ਭੱਟੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ, ਪ੍ਰੋ ਜਸਪ੍ਰੀਤ ਸਿੰਘ ਅਤੇ ਮੈਡਮ ਅਮਨਪ੍ਰੀਤ ਕੌਰ ਵੱਲੋਂ ਨਿਭਾਈ ਗਈ।