ਪਟਿਆਲਾ : ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦਰ ਨੇ ਭਾਰਤੀ ਸਟੇਟ ਬੈਂਕ (ਐਸ.ਬੀ.ਆਈ) ਦੀ ਮਦਦ ਨਾਲ ਖਰੀਦੀ ਗਈ ਬੱਸ ਨੂੰ ਅੱਜ ਸਾਦੇ ਪ੍ਰਭਾਵੀ ਸਮਾਗਮ ਦੌਰਾਨ ਹਰੀ ਝੰਡੀ ਦਿੱਤੀ। ਇਹ ਬੱਸ ਯੂਨੀਵਰਸਿਟੀ ਦੇ ਫਿਜੀਓਥਰੈਪੀ ਵਿਭਾਗ ਦੀਆਂ ਲੋੜਾਂ ਵਾਸਤੇ ਖਰੀਦੀ ਗਈ ਹੈ। ਫਿਜੀਓਥਰੈਪੀ ਵਿਭਾਗ ਦੇ ਸੂਤਰਾਂ ਅਨੁਸਾਰ ਇਹ ਬੱਸ 19,06,322 ਰੁਪਏ ਦੀ ਖਰੀਦੀ ਗਈ ਹੈ। ਇਸ ਵਾਸਤੇ ਐਸ.ਬੀ.ਆਈ. ਵੱਲੋਂ 15 ਲੱਖ ਰੁਪਏ ਦੀ ਮਦਦ ਦਿੱਤੀ ਗਈ ਹੈ। ਇਹ ਬੱਸ ਫਿਜੀਓਥਰੈਪੀ ਕੈਂਪਾਂ ਅਤੇ ਵਿਭਾਗ ਦੀਆਂ ਲੋੜਾਂ ਲਈ ਮਦਦਗਾਰ ਹੋਵੇਗੀ।
ਇਸ ਮੌਕੇ ਇੱਕ ਸਮਾਰੋਹ ਦੌਰਾਨ ਵਾਈਸ ਚਾਂਸਲਰ ਨੇ ਇਹ ਬੱਸ ਖਰੀਦਣ ਵਾਸਤੇ ਐਸ.ਬੀ.ਆਈ. ਵੱਲੋਂ ਦਿੱਤੀ ਗਈ ਮਦਦ ਲਈ ਧੰਨਵਾਦ ਕੀਤਾ। ਇਸ ਉਹਨਾਂ ਕਿਹਾ ਕਿ ਫਿਜੀਓਥੈਰਪੀ ਵਿਭਾਗ ਨੂੰ ਇਸ ਬੱਸ ਦੀ ਬਹੁਤ ਜਿਆਦਾ ਜ਼ਰੂਰਤ ਸੀ ਅਤੇ ਇਹ ਬੱਸ ਮਿਲਣ ਨਾਲ ਫਿਜੀਓਥਰੈਪੀ ਵਿਭਾਗ ਆਪਣੀ ਜਿੰਮੇਵਾਰੀ ਹੋਰ ਵੀ ਵਧੀਆ ਤਰੀਕੇ ਨਾਲ ਨਿਭਾਅ ਸਕੇਗਾ। ਇਸ ਮੌਕੇ ਐਸ.ਬੀ.ਆਈ. ਦੇ ਚੀਫ ਜਨਰਲ ਮੈਨੇਜਰ ਚੰਡੀਗੜ੍ਹ ਸਰਕਲ ਸ੍ਰੀ ਵਿਨੋਦ ਜੈਸਵਾਲ ਨੇ ਐਸ.ਬੀ.ਆਈ. ਵੱਲੋਂ ਸਮਾਜ ਕਾਰਜਾਂ ਲਈ ਨਿਭਾਈ ਜਾ ਰਹੀ ਭੂਮਿਕਾ ਦਾ ਜ਼ਿਕਰ ਕੀਤਾ।
ਉਹਨਾਂ ਕਿਹਾ ਕਿ ਐਸ.ਬੀ.ਆਈ. ਨੂੰ ਇਹ ਮਦਦ ਦੇ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਤੋਂ ਪਹਿਲਾਂ ਫਿਜੀਓਥਰੈਪੀ ਵਿਭਾਗ ਦੀ ਮੁਖੀ ਡਾਕਟਰ ਸੋਨੀਆ ਨੇ ਉਹਨਾਂ ਦੇ ਵਿਭਾਗ ਵਿੱਚ ਚੱਲ ਰਹੀਆਂ ਸਰਗਰਮੀਆਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਐਸ.ਬੀ.ਆਈ. ਦੇ ਡਿਪਟੀ ਜਨਰਲ ਮੈਨੇਜਰ ਅਰੁਣਾ ਠਾਕਰ, ਰੀਜਨਲ ਮੈਨੇਜਰ ਧਰਮਿੰਦਰ ਕੁਮਾਰ, ਅਸਿਸਟੈਂਟ ਜਨਰਲ ਮੈਨੇਜਰ ਰਣਬੀਰ ਸਿੰਘ ਠਾਕਰ ਤੋਂ ਇਲਾਵਾ ਡੀਨ ਅਕਾਦਮਿਕ ਡਾ. ਏ.ਕੇ ਤਿਵਾੜੀ, ਰਜਿਸਟਰਾਰ ਡਾ. ਨਵਜੋਤ ਕੌਰ ਵਾਈਸ ਚਾਂਸਲਰ ਦੇ ਨਿਜੀ ਸਕੱਤਰ ਡਾ. ਨਾਗਰ ਸਿੰਘ ਅਤੇ ਫਿਨਾਂਸ ਅਫਸਰ ਡਾ. ਪ੍ਰਮੋਦ ਅਗਰਵਾਲ ਹਾਜ਼ਰ ਸਨ।