ਅੱਜ ਸਵੇਰੇ ਬੋਕਾਰੋ ਵੱਲ ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈਸ ਦੇ ਰਵਾਨਾ ਹੋਣ ਨਾਲ ਸੂਬਾ ਜਲਦ ਹੀ ਆਪਣੇ 80 ਮੀਟਰਕ ਟਨ ਕੋਟੇ ਦੀ ਆਕਸੀਜਨ ਚੁੱਕਣ ਦੀ ਸਥਿਤੀ ਵਿੱਚ ਹੋਵੇਗਾ ਜਿਸ ਨਾਲ ਸੂਬੇ ਦੇ ਜੀਵਨ ਰੱਖਿਅਕ ਮੈਡੀਕਲ ਸਮੱਗਰੀ ਦੇ ਸਟਾਕ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਕਸੀਜਨ ਕੰਟਰੋਲ ਰੂਮ ਦੀ ਨਿਗਰਾਨੀ ਕਰ ਰਹੇ ਸੀਨੀਅਰ ਆਈ.ਏ.ਐਸ. ਅਧਿਕਾਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਵਿਭਾਗ ਨੇ ਟੈਂਕਰ ਦੀਆਂ ਉੱਚਾਈਆਂ ਅਤੇ ਸਪਲਾਈ ਲਿਜਾਣ ਲਈ ਏਜੰਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਘੱਟ ਕੀਤਾ ਹੈ ਜੋ ਕਿ ਇਸ ਮਾਰੂ ਵਾਇਰਸ ਵਿਰੁੱਧ ਸੂਬੇ ਦੀ ਲੜਾਈ ਦਾ ਜ਼ਰੂਰੀ ਹਿੱਸਾ ਹਨ।