ਖਨੌਰੀ : ਅੱਜ 14ਵੇਂ ਦਿਨ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਖਨੌਰੀ ਬਾਰਡਰ ਵਿਖੇ ਮਰਨ ਵਰਤ ਜਾਰੀ ਰਿਹਾ ਜਿਸ ਦੌਰਾਨ ਸਿਹਤ ਠੀਕ ਨਾਂ ਹੋਣ ਕਰਕੇ ਜਗਜੀਤ ਸਿੰਘ ਡੱਲੇਵਾਲ ਸਟੇਜ ਉੱਪਰ ਨਹੀਂ ਆ ਸਕੇ। ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਡਾਕਟਰਾਂ ਨੇ ਦੱਸਿਆ ਕਿ ਉਸ ਦਾ ਬਲੱਡ ਪ੍ਰੈਸ਼ਰ 124/95, ਸ਼ੂਗਰ 93, ਪਲਸ 87 ਹੈ ਅਤੇ ਉਹਨਾ ਦਾ ਭਾਰ 11 ਕਿਲੋ ਘੱਟ ਗਿਆ ਹੈ। ਅੱਜ ਪਟਿਆਲਾ ਰੇਂਜ ਦੇ ਡੀ.ਆਈ.ਜੀ ਮਨਦੀਪ ਸਿੰਘ ਸਿੱਧੂ, ਐਸਐਸਪੀ ਸੰਗਰੂਰ ਸਰਤਾਜ ਸਿੰਘ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਜਗਜੀਤ ਸਿੰਘ ਡੱਲੇਵਾਲ ਦਾ ਹਾਲ-ਚਾਲ ਪੁੱਛਣ ਲਈ ਮੋਰਚੇ 'ਤੇ ਪਹੁੰਚੇ ਤਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਹ ਆਰ-ਪਾਰ ਦੀ ਲੜਾਈ ਹੈ ਅਤੇ ਉਨ੍ਹਾਂ ਦਾ ਮਰਨ ਵਰਤ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ MSP ਗਾਰੰਟੀ ਕਾਨੂੰਨ ਨਹੀਂ ਬਣ ਜਾਂਦਾ। ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਦੋਵਾਂ ਮੋਰਚਿਆਂ ਦੇ ਸੱਦੇ ’ਤੇ ਕਿਸਾਨਾਂ ਨੇ ਦੇਸ਼ ਭਰ ਵਿੱਚ ਸੰਸਦ ਮੈਂਬਰਾਂ ਦੇ ਘਰਾਂ ਦੇ ਬਾਹਰ 12 ਘੰਟੇ ਦੀ ਸੰਕੇਤਿਕ ਭੁੱਖ ਹੜਤਾਲ ਰੱਖੀ ਅਤੇ ਸੰਸਦ ਮੈਂਬਰਾਂ ਨੂੰ ਪੁੱਛਿਆ ਕਿ ਉਹ ਸੰਸਦ 'ਚ MSP ਗਾਰੰਟੀ ਕਾਨੂੰਨ ਦੇ ਮੁੱਦੇ 'ਤੇ ਸਵਾਲ ਕਿਉਂ ਨਹੀਂ ਉਠਾ ਰਹੇ ਹਨ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ ਕਿਸਾਨਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਤਾਂ ਜੋ ਉਹ ਸੰਸਦ ਮੈਂਬਰ ਦੇ ਘਰ ਦੇ ਬਾਹਰ ਪ੍ਰਦਰਸ਼ਨ ਨਾਂ ਕਰ ਸਕਣ। ਕਿਸਾਨ ਆਗੂਆਂ ਨੇ ਦੱਸਿਆ ਕਿ ਭਲਕੇ 10 ਦਸੰਬਰ ਨੂੰ ਖਨੌਰੀ ਬਾਰਡਰ ਉੱਪਰ ਚੁੱਲਿਆਂ ਵਿੱਚ ਅੱਗ ਨਹੀਂ ਬਲੇਗੀ ਅਤੇ ਕੋਈ ਵੀ ਕਿਸਾਨ ਰੋਟੀ ਨਹੀਂ ਖਾਵੇਗਾ ਅਤੇ 11 ਦਸੰਬਰ ਨੂੰ ਮੋਰਚੇ ਦੀ ਮਜ਼ਬੂਤੀ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤਯਾਬੀ ਲਈ ਦੇਸ਼ ਭਰ ਦੇ ਸਾਰੇ ਪਿੰਡਾਂ 'ਚ ਧਾਰਮਿਕ ਸਥਾਨਾਂ 'ਤੇ ਅਰਦਾਸ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਦੇ ਨਾਲ ਅਭਿਮਾਨੁ ਕੁਹਾੜ, ਲਖਵਿੰਦਰ ਸਿੰਘ ਔਲਖ, ਕਾਕਾ ਸਿੰਘ ਕੋਟੜਾ, ਗੁਰਦੀਪ ਸਿੰਘ, ਦਲਜੀਤ ਸਿੰਘ ਵਿਰਕ, ਗੁਰਿੰਦਰ ਸਿੰਘ ਭੰਗੂ, ਸੁਖਦੇਵ ਸਿੰਘ ਭੋਗਰਾਜ, ਸੁਖਜਿੰਦਰ ਸਿੰਘ ਖੋਸਾ, ਇੰਦਰਜੀਤ ਸਿੰਘ ਕੋਟਬੁੱਢਾ, ਜਸਵਿੰਦਰ ਸਿੰਘ ਲੌਂਗੋਵਾਲ ਸਮੇਤ ਹੋਰ ਵੀ ਕਿਸਾਨ ਆਗੂ ਮੌਜੂਦ ਸਨ।