ਮੋਗਾ : ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਆਗੂ ਬੱਗਾ ਸਿੰਘ ਨੇ ਪੈ੍ਸ ਨੂੰ ਜਾਣਕਾਰੀ ਦਿੱਤੀ ਕਿ ਅੱਜ ਸੂਬਾ ਕਮੇਟੀ ਮੈਂਬਰ ਲਖਵੀਰ ਸਿੰਘ ਲੱਖਾ ਦੀ ਅਗਵਾਈ ਵਿੱਚ ਸਵਰਗਵਾਸੀ ਗੁਰਮੁੱਖ ਸਿੰਘ ਪੁੱਤਰ ਲਾਲ ਸਿੰਘ ਵਾਸੀ ਸਿਵਲ ਲਾਈਨਜ਼ ਜੇਲ੍ਹ ਵਾਲੀ ਗਲੀ ਮੋਗਾ ਦੇ ਘਰ ਦੀ ਚੌਥੀ ਵਾਰ ਆਈ ਕੁਰਕੀ ਰੋਕਣ ਲਈ ਧਰਨਾ ਲਾਇਆ ਗਿਆ। ਪਰ ਬੈਂਕ ਅਧਿਕਾਰੀ ਨਹੀ ਪੁੱਜੇ। ਲਖਵੀਰ ਸਿੰਘ ਲੱਖਾ ਨੇ ਦੱਸਿਆ ਕਿ ਸਵਰਗਵਾਸੀ ਗੁਰਮੁੱਖ ਸਿੰਘ ਨੇ ਮਕਾਨ ਤੇ ਆਈ ਆਈ ਐਫ ਐਲ ਪ੍ਰਾਵੇਟ ਬੈਂਕ ਬਰਾਂਚ ਲੁਧਿਆਣਾ ਤੋਂ 2016 ਵਿੱਚ 40 ਲੱਖ ਰੂਪੈ ਲੋਨ ਲਿਆ ਸੀ। 20 ਲੱਖ ਰੂਪੈ ਦੇ ਕਰੀਬ ਕਿਸਤਾਂ ਰਾਹੀ ਲੋਨ ਵਾਪਸ ਕਰ ਦਿੱਤਾ ਸੀ। ਅਖੀਰ ਗੁਰਮੁੱਖ ਸਿੰਘ ਦੀ ਚਿੰਤਾ ਵਿੱਚ ਮੌਤ ਹੋ ਗਈ। ਉਨ੍ਹਾਂ ਦੇ ਦੋ ਲੜਕੇ ਸਨ-ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ। ਇਨ੍ਹਾਂ ਨੇ ਬੈਂਕ ਨਾਲ ਤਾਲਮੇਲ ਕੀਤਾ ਕਿ ਬੈਂਕ ਨਾਲ ਨਿਬੇੜਾ ਕੀਤਾ ਜਾ ਸਕੇ ਤਾਂ ਜੋ ਗਰੀਬ ਪਰਿਵਾਰ ਨੂੰ ਹੋਰ ਰਗੜਾ ਨਾ ਲਾਇਆ ਜਾ ਸਕੇ। ਬੈਂਕ ਨੇ ਹਿਸਾਬ ਕਿਤਾਬ ਤਾਂ ਕੀ ਨਿਬੇੜਨਾ ਸੀ ,ਬੈਂਕ ਨੇ ਦੱਸਿਆ ਕਿ 43 ਲੱਖ ਹਾਲੇ ਵੀ ਖੜਾ ਹੈ। ਉਨ੍ਹਾਂ ਨੂੰ ਸੁਣਕੇ ਝੰਜੋੜਾ ਲੱਗਾ ਕਿ 20 ਲੱਖ ਮੋੜ ਵੀ ਦਿੱਤਾ, ਫਿਰ ਵੀ ਮੂਲ ਨਾਲੋ ਤਿੰਨ ਲੱਖ ਵੱਧ ਹਾਲੇ ਖੜਾ ਹੈ। ਬੈਂਕ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਲੋਨ ਦੀ ਮਿਆਦ 15 ਸਾਲ ਤੋਂ 19 ਸਾਲ ਕਰ ਦਿੱਤੀ ਸੀ। ਇਹ ਵੀ ਪਰਿਵਾਰ ਨਾਲ ਰੈਅ ਕਰੇ ਤੋਂ ਬਿਨਾਂ ਹੀ ਕੀਤਾ ਤਾਂ ਜੋ ਗਰੀਬ ਪਰੀਵਾਰ ਦਾ ਹੋਰ ਖੂਨ ਨਚੋੜਿਆ ਜਾ ਸਕੇ। ਯੂਨੀਅਨਾਂ ਦੇ ਆਗੂ ਤੇ ਵਰਕਰ ਅੱਜ ਸਾਰਾ ਦਿਨ ਕੁਰਕੀ ਵਾਲਿਆਂ ਨੂੰ ਉਡੀਕਦੇ ਰਹੇ, ਪਰ ਉਹ ਨਹੀ ਆਏ। ਇਸ ਮੌਕੇ ਯੂਨੀਅਨ ਆਗੂ ਦਰਸ਼ਨ ਸਿੰਘ ਘੋਲੀਆ, ਜੋਰਾ ਸਿੰਘ ਨਾਹਲ ਖੋਟੇ, ਸੁਰਜੀਤ ਸਿੰਘ ਬੁੱਕਣਵਾਲਾ, ਸ਼ਿੰਦਰ ਸਿੰਘ ਨੱਥੂਵਾਲਾ ਅਤੇ ਬਹਾਦਰ ਸਿੰਘ ਸਿੰਘਾਂਵਾਲਾ ਆਦਿ ਪਹੁੰਚੇ ਹੋਏ ਸਨ।