ਮਹੀਨਾ ਬੀਤਣ ਦੇ ਬਾਵਜੂਦ ਨਹੀਂ ਦਰਜ਼ ਕੀਤੀ ਐੱਫ.ਆਈ.ਆਰ
ਸੁਨਾਮ : ਡੈਮੋਕ੍ਰੈਟਿਕ ਟੀਚਰਜ਼ ਫਰੰਟ, ਜ਼ਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ ਅਤੇ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦਾ ਸਾਂਝਾ ਵਫ਼ਦ ਬਡਰੁੱਖਾਂ ਵਿਖੇ 21 ਅਕਤੂਬਰ ਨੂੰ ਹੋਈ ਸੜਕ ਦੁਰਘਟਨਾ ਦੀ ਐੱਫ.ਆਈ.ਆਰ. ਪੁਲਿਸ ਵੱਲੋਂ ਇੱਕ ਮਹੀਨਾ ਬੀਤ ਜਾਣ ਉਪਰੰਤ ਵੀ ਦਰਜ ਨਾ ਕਰਨ ਦੇ ਮਸਲੇ ਸਬੰਧੀ ਡੀ.ਐੱਸ.ਪੀ. ਸੁਨਾਮ ਨੂੰ ਮਿਲਣ ਉਹਨਾਂ ਦੇ ਦਫ਼ਤਰ ਪਹੁੰਚਿਆ। ਡੀ.ਐੱਸ.ਪੀ. ਸੁਨਾਮ ਦੀ ਗ਼ੈਰ- ਮੌਜੂਦਗੀ ਵਿੱਚ ਵਫ਼ਦ ਨੇ ਦਫ਼ਤਰ ਦੇ ਕਰਮਚਾਰੀਆਂ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਅਤੇ ਡੀ.ਐੱਸ.ਪੀ. ਨਾਲ ਵੀ ਆਗੂਆਂ ਨੇ ਫੋਨ 'ਤੇ ਵਿਸਥਾਰਤ ਗੱਲਬਾਤ ਕੀਤੀ, ਵਫ਼ਦ ਵਿੱਚ ਸ਼ਾਮਿਲ ਆਗੂਆਂ ਬਲਬੀਰ ਲੋਂਗੋਵਾਲ, ਦਾਤਾ ਸਿੰਘ ਨਮੋਲ, ਹਰਭਗਵਾਨ ਗੁਰਨੇ,ਵਿਸ਼ਵ ਕਾਂਤ, ਪਵਨ ਕੁਮਾਰ ਨੇ ਕਿਹਾ ਕਿ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਦੁਆਰਾ ਇਸ ਮਾਮਲੇ ਵਿੱਚ ਐੱਫ.ਆਈ.ਆਰ. ਦਰਜ ਨਾ ਕਰਨਾ ਦਿਖਾਉਂਦਾ ਹੈ ਕਿ ਪੁਲਿਸ ਇਸ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ ਕਿਉਂਕਿ ਜਿਸ ਮਹਿਲਾ ਕਾਰ ਚਾਲਕ ਦੀ ਲਾਪਰਵਾਹੀ ਨਾਲ ਇਹ ਹਾਦਸਾ ਵਾਪਰਿਆ ਹੈ ਉਹ ਖ਼ੁਦ ਇੱਕ ਪੁਲਿਸ ਮੁਲਾਜ਼ਮ ਹੈ। ਆਗੂਆਂ ਨੇ ਕਿਹਾ ਕਿ ਪੁਲਿਸ ਦੁਆਰਾ ਅਜਿਹਾ ਕਰਨਾ ਪੀੜਤਾਂ ਨਾਲ ਸਰਾਸਰ ਬੇਇਨਸਾਫ਼ੀ ਹੈ, ਜਿਸਨੂੰ ਜਥੇਬੰਦੀਆਂ ਕਿਸੇ ਹਾਲਤ ਵਿੱਚ ਨਹੀਂ ਹੋਣ ਦੇਣਗੀਆਂ। ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿੱਚ ਇੱਕ ਮਹਿਲਾ ਕਾਰ ਚਾਲਕ ਪੁਲਿਸ ਮੁਲਾਜ਼ਮ ਦੁਆਰਾ ਲੌਂਗੋਵਾਲ ਵਾਸੀ ਇੱਕ ਪਤੀ-ਪਤਨੀ ਦੀ ਸਕੂਟਰੀ ਵਿੱਚ ਪਿੱਛੋਂ ਦੀ ਕਾਰ ਮਾਰ ਦਿੱਤੀ ਗਈ ਸੀ ਜਿਸ ਕਾਰਨ ਆਦਮੀ ਦੇ ਸਿਰ ਵਿੱਚ ਗੰਭੀਰ ਸੱਟ ਵੱਜੀ ਸੀ ਅਤੇ ਉਹ ਕਈ ਦਿਨ ਜ਼ਿੰਦਗੀ ਤੇ ਮੌਤ ਨਾਲ ਲੜਦਾ ਰਿਹਾ ਅਤੇ ਹਾਲੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੈ। ਔਰਤ ਦੇ ਵੀ ਬਾਂਹ ਅਤੇ ਹੋਰ ਅੰਗਾਂ ਉੱਪਰ ਗੰਭੀਰ ਸੱਟਾਂ ਵੱਜੀਆਂ ਸਨ। ਜਥੇਬੰਦਕ ਆਗੂਆਂ ਨੇ ਕਿਹਾ ਕਿ ਹਾਲਾਂਕਿ ਡੀ.ਐੱਸ.ਪੀ. ਵੱਲੋਂ ਆਉਂਦੇ ਦੋ ਦਿਨਾਂ ਵਿੱਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਪ੍ਰੰਤੂ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਹ ਐੱਸ.ਐੱਸ.ਪੀ. ਸੰਗਰੂਰ ਦਾ ਰੁਖ਼ ਕਰਨਗੇ ਅਤੇ ਲੋੜ ਪੈਣ ਉੱਤੇ ਜਥੇਬੰਦਕ ਸੰਘਰਸ਼ ਦੇ ਰਾਹ ਵੀ ਪੈਣਗੇ। ਵਫਦ ਵਿੱਚ ਉਕਤ ਆਗੂਆਂ ਤੋਂ ਇਲਾਵਾ ਪਦਮ ਕੁਮਾਰ,ਜਸਬੀਰ ਨਮੋਲ, ਜਗਤਾਰ ਲੌਂਗੋਵਾਲ,ਰਵਿੰਦਰ ਸਿੰਘ, ਸੁਖਜਿੰਦਰ ਖੋਖਰ,ਹਰਵੇਲ ਸਿੰਘ, ਪਵਿੱਤਰ ਸਿੰਘ, ਅਨਿਲ ਕੁਮਾਰ, ਸੁਖਜਿੰਦਰ ਸਿੰਘ,ਕਿਰਪਾਲ ਸਿੰਘ, ਹਰੀਦਾਸ ਗਿੱਲ ਸ਼ਾਮਲ ਸਨ।