ਪਾਇਲ : ਨਸ਼ਿਆਂ ਦੇ ਵੱਧ ਰੁਝਾਨ ਨੂੰ ਠੱਲ ਪਾਉਣ, ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੇਨ ਸੜਕ ਤੋਂ ਰੇਹੜੀਆਂ ਨੂੰ ਪਿੱਛੇ ਹਟਾਉਣ, ਕ੍ਰਾਈਮ ਨੂੰ ਕੰਟਰੋਲ ਕਰਨ ਲਈ ਕੈਮਰੇ ਲਗਾਉਣ ਸੰਬੰਧੀ ਡੀਐੱਸਪੀ ਪਾਇਲ ਦੀਪਕ ਰਾਏ ਵੱਲੋਂ ਨਗਰ ਕੌਂਸਲ ਦੇ ਦਫਤਰ ਵਿਖੇ ਮੀਟਿੰਗ ਬੁਲਾਈ ਗਈ, ਜਿਸ ਵਿੱਚ ਸਮੂਹ ਦੁਕਾਨਦਾਰਾਂ ਤੇ ਕੌਂਸਲਰਾਂ ਨੇ ਸਮੂਲੀਅਤ ਕੀਤੀ।
ਡੀਐੱਸਪੀ ਪਾਇਲ ਦੀਪਕ ਰਾਏ ਨੇ ਕਿਹਾ ਕਿ ਸਮਾਜ ਵਿਰੋਧੀਆਂ ਅਨਸਰਾਂ ਨੂੰ ਨੱਥ ਪਾਉਣ ਲਈ ਲੋਕਾਂ ਦਾ ਸਾਥ ਜਰੂਰੀ ਹੈ, ਤੁਸੀ ਪੁਲੀਸ ਨੂੰ ਬੇਝਿਜਕ ਹੋ ਕੇ ਸੱਚੀ ਇਤਲਾਹ ਦਿਓ, ਪੁਲੀਸ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖੇਗੀ। ਉਹਨਾ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਤੇ ਪੜਾਈ, ਖੇਡਾਂ ਤੇ ਸਮਾਜ ਭਲਾਈ ਕੰਮਾਂ ਵੱਲ ਪ੍ਰੇਰਿਤ ਕਰਨ। ਇਸ ਮੌਕੇ ਉਹਨਾਂ ਨੇ ਲੋਕਾਂ ਦੀਆਂ ਦੁੱਖ ਤਕਲੀਫਾਂ ਵੀ ਸੁਣੀਆਂ ਤੇ ਸੁਝਾਅ ਵੀ ਮੰਗੇ। ਇਸ ਮੌਕੇ ਨਗਰ ਕੌਂਸਲ ਪਾਇਲ ਦੇ ਪ੍ਰਧਾਨ ਮਲਕੀਤ ਸਿੰਘ ਧਾਲੀਵਾਲ ਨੇ ਡੀਐੱਸਪੀ ਪਾਇਲ ਨੂੰ ਮੇਨ ਸੜਕ ਤੇ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਨੂੰ ਖਾਲੀ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਪੁਲੀਸ ਮੁਲਾਜ਼ਮਾਂ ਦੀ ਮੰਗ ਵੀ ਕੀਤੀ। ਇਸ ਮੌਕੇ ਐੱਸਐਚਓ ਸੰਦੀਪ ਕੁਮਾਰ, ਸਾਂਝ ਕੇਦਰ ਦੇ ਇੰਚਾਰਜ ਜਗਵਿੰਦਰ ਸਿੰਘ, ਸਾਬਕਾ ਪ੍ਰਧਾਨ ਬਿੱਟੂ ਪੁਰੀ, ਕੌਂਸਲਰ ਮਾ ਹਰਪ੍ਰੀਤ ਸਿੰਘ, ਮਨਜੀਤ ਕੌਰ, ਰਮਲਜੀਤ ਸਿੰਘ ਗਰਚਾ, ਡਾ ਤਰਲੋਚਨ ਸਿੰਘ, ਬਲਵੀਰ ਸਿੰਘ ਲਾਲਾ, ਗੁਰਕਿਰਪਾਲ ਸਿੰਘ, ਧਰਮਿੰਦਰ ਸਿੰਘ ਛਿੰਦੀ, ਅਨੂੰ ਸੋਨੀ ਸਾਰੇ ਕੌਸਲਰ ਹਾਜਰ ਸਨ।