ਸੁਨਾਮ : ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਪਹਿਲਕਦਮੀ 'ਤੇ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਸੁਨਾਮ ਨਿਵਾਸੀ ਮਾਤਾ ਹਰਬੰਸ ਕੌਰ ਸੱਗੂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਇਜਲਾਸ ਦੌਰਾਨ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ਼ਹੀਦਾਂ ਅਤੇ ਪਤਵੰਤਿਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਤੋਂ ਤੁਰੰਤ ਬਾਅਦ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਦਨ ਵਿੱਚ ਖੜ੍ਹੇ ਹੋ ਕੇ ਮਾਣਯੋਗ ਸਪੀਕਰ ਅਤੇ ਸਮੁੱਚੇ ਸਦਨ ਨੂੰ ਸ਼ਰਧਾਂਜਲੀ ਦੇਣ ਦੀ ਬੇਨਤੀ ਕਰਨ ਵਾਲਾ ਮਤਾ ਪੇਸ਼ ਕੀਤਾ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਦਨ ਵਿੱਚ ਕਿਹਾ ਕਿ ਮਾਤਾ ਹਰਬੰਸ ਕੌਰ ਸੱਗੂ ਸੁਨਾਮ ਦੇ ਸੀਨੀਅਰ ਪੱਤਰਕਾਰ ਅਤੇ ਆਜ਼ਾਦੀ ਘੁਲਾਟੀਏ ਮਰਹੂਮ ਜੰਗੀਰ ਸਿੰਘ ਸੁਤੰਤਰ ਦੀ ਧਰਮ ਪਤਨੀ ਸਨ। ਇਸ ਲਈ ਉਨ੍ਹਾਂ ਨੂੰ ਵੀ ਸਦਨ ਵਿੱਚ ਸ਼ਰਧਾਂਜਲੀ ਦੇ ਕੇ ਬਣਦਾ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਵਿਧਾਨ ਸਭਾ ਦੇ ਮਾਣਯੋਗ ਸਪੀਕਰ ਨੇ ਤੁਰੰਤ ਇਸ ਨੂੰ ਸਵੀਕਾਰ ਕਰ ਲਿਆ। ਪੱਤਰਕਾਰ ਭਾਈਚਾਰੇ ਨੇ ਇਸ ਸਨਮਾਨ ਲਈ ਕੈਬਨਿਟ ਮੰਤਰੀ ਅਮਨ ਅਰੋੜਾ, ਵਿਧਾਨ ਸਭਾ ਦੇ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।ਇਸ ਮੋਕੇ ਤੇ ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਸੁਸ਼ੀਲ ਕਾਂਸਲ ਨੇ ਕਿਹਾ ਕਿ ਅਜਿਹਾ ਕਰਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਨਾ ਸਿਰਫ਼ ਆਜ਼ਾਦੀ ਘੁਲਾਟੀਆਂ ਦਾ ਸਨਮਾਨ ਕੀਤਾ ਹੈ ਸਗੋਂ ਪੱਤਰਕਾਰ ਭਾਈਚਾਰੇ ਦਾ ਵੀ ਸਨਮਾਨ ਕੀਤਾ ਹੈ।