ਵਾਸ਼ਿੰਗਟਨ : ਨਿੱਕੀ ਹੇਲੀ ਨੇ ਐਤਵਾਰ ਨੂੰ ਅਮਰੀਕਾ ਦੇ ਕੋਲੰਬੀਆਂ ਜ਼ਿਲੇ੍ਹ ’ਚ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਪ੍ਰਾਇਮਰੀ ਚੋਣ ’ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾ ਕੇ 2024 ਦੀ ਮੁਹਿੰਮ ’ਚ ਅਪਣੀ ਪਹਿਲੀ ਜਿੱਤ ਪ੍ਰਾਪਤ ਕੀਤੀ। ਐਤਵਾਰ ਨੂੰ ਹੇਲੀ ਦੀ ਜਿੱਤ ਨੇ ਟਰੰਪ ਦੇ ਜਿੱਤ ਦੇ ਰੱਥ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਹੈ। ਪਰ ਇਸ ਹਫ਼ਤੇ ਸੁਪਰ ਮੰਗਲਵਾਰ ਨੂੰ ਸਾਬਕਾ ਰਾਸ਼ਟਰਪਤੀ ਨੂੰ ਵੱਡੀ ਗਿਣਤੀ ’ਚ ਡੈਲੀਗੇਟਾਂ ਦਾ ਸਮਰਥਨ ਮਿਲਣ ਦੀ ਉਮੀਦ ਹੈ। ਪਿਛਲੇ ਹਫ਼ਤੇ ਅਪਣੇ ਗ੍ਰਹਿ ਰਾਜ ਦਖਣੀ ਕੈਰੋਲੀਨਾ ਤੋਂ ਹਾਰਨ ਦੇ ਬਾਵਜੂਦ ਹੇਲੀ ਨੇ ਕਿਹਾ ਸੀ ਕਿ ਉਹ ਅਪਣਾ ਦਾਅਵਾ ਨਹੀਂ ਛੱਡੇਗੀ। ਹੇਲੀ (51) ਨੂੰ 1,274 ਵੋਟਾਂ 62.9 ਫੀਸਦੀ ਮਿਲੀਆਂ, ਜਦਕਿ ਉਨ੍ਹਾਂ ਦੇ ਮੁੱਖ ਵਿਰੋਧੀ ਅਤੇ ਸਾਬਕਾ ਰਾਸ਼ਟਰੀਪਤੀ ਟਰੰਪ ਨੂੰ 676 ਵੋਟਾਂ 33.2 ਫ਼ੀਸਦੀ ਮਿਲੀਆ। ਇਸ ਜਿੱਤ ਤੋਂ ਬਾਅਦ ਹੇਲੀ ਨੂੰ ਵਾਸ਼ਿੰਗਟਨ ਡੀ. ਸੀ ਵਿਚ ਸਾਰੇ 19 ਰਿਪਬਲਿਕਨ ਡੈਲੀਗੇਟਾਂ ਦਾ ਸਮਰਥਨ ਮਿਲੇਗਾ। ਇਸ ਦੇ ਨਾਲ ਹੀ ਹੇਲੀ ਨੂੰ ਕੁਲ 43 ਡੈਲੀਗੇਟਾਂ ਦਾ ਸਮਰਥਨ ਹਾਸਲ ਹੋਵੇਗਾ। ਟਰੰਪ ਨੂੰ ਹੁਣ ਤੱਕ 244 ਡੈਲੀਗਟਾਂ ਦਾ ਸਮਰਥਨ ਮਿਲ ਚੁਕਾ ਹੈ। ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨ ਲਈ ਕਿਸੇ ਵੀ ਦਾਅਵੇਦਾਰ ਨੂੰ ਘੱਟੋ ਘੱਟ 1,215 ਡੈਲੀਗੇਟਾਂ ਦੇ ਸਮਰਥਟ ਦੀ ਲੋੜ ਹੋਵੇਗੀ। ਉਹ ਡੈਮੋਕ੍ਰੇਟਿਕ ਜਾਂ ਰਿਪਬਲਿਕਨ ਪ੍ਰਾਈਮਰੀ ਜਿੱਤਨ ਵਾਲੀ ਪਹਿਲੀ ਭਾਰਤੀ ਅਮਰੀਕਾ ਵੀ ਹੈ। ਰਾਸ਼ਟਰਪਤੀ ਚੋਣਾਂ ਲਈ ਉਨ੍ਹਾਂ ਦੀ ਪਾਰਟੀ ਦੇ ਦਾਅਵੇਦਾਰ ਕਮਲਾ ਹੈਰਿਸ (2020) ਅਤੇ ਵਿਵੇਕ ਰਾਮਾਸਵਾਮੀ (2024) ਇੱਕ ਵੀ ਪ੍ਰਾਈਮਰੀ ਨਹੀਂ ਜਿੱਤ ਸਕੇ। ਟਰੰਪ ਨੇ ਸਨਿਚਰਵਾਰ ਨੂੰ ਇਡਾਹੋ ਅਤੇ ਮਿਸੌਰੀ ਵਿਚ ਕਾਕਸ ਜਿੱਤੇ ਅਤੇ ਮਿਸ਼ੀਗਨ ਵਿਚ ਰਿਪਬਲਿਕਨ ਸੰਮੇਲਨ ਵਿਚ ਸਮਰਥਨ ਹਾਸਲ ਕੀਤਾ।