ਪਾਕਿਸਤਾਨ : ਪਾਕਿਸਤਾਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨ ਦੀ ਇਕ ਕੋਰਟ ਨੇ ਅਲ ਕਾਦਿਰ ਟਰੱਸਟ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਸਜ਼ਾ ਦਾ ਐਲਾਨ ਕਰ ਦਿੱਤਾ ਹੈ। ਇਮਰਾਨ ਖਾਨ ਨੂੰ 14 ਤੇ ਬੁਸ਼ਰਾ ਨੂੰ 7 ਸਾਲ ਦੀ ਸਜਾ ਸੁਣਾਈ ਗਈ ਹੈ। ਦੋਵਾਂ ‘ਤੇ ਰਾਸ਼ਟਰੀ ਖਜ਼ਾਨੇ ਨੂੰ 50 ਅਰਬ ਪਾਕਿਸਤਾਨੀ ਰੁਪਏ ਦੇ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ। ਪਾਕਿਸਤਾਨ ਦੇ ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ ਨੇ ਅਲ-ਕਾਦਿਰ ਟਰੱਸਟ ਕੇਸ ਵਿਚ ਦਸੰਬਰ 2023 ਵਿਚ ਇਮਰਾਨ ਖਾਨ, ਬੁਸ਼ਰਾ ਬੀਬੀ ਤੇ ਹੋਰ 6 ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਸੀ। ਹਾਲਾਂਕਿ ਜਦੋਂ ਇਮਰਾਨ ਖਿਲਾਫ ਇਹ ਕੇਸ ਦਰਜ ਹੋਇਆ, ਉਸ ਤੋਂ ਪਹਿਲਾਂ ਤੋਂ ਹੀ ਉਹ ਤੋਸ਼ਾਖਾਨਾ ਕੇਸ ਵਿਚ ਅਗਸਤ 2023 ਤੋਂ ਅਡਿਆਲਾ ਜੇਲ੍ਹ ਵਿਚ ਬੰਦ ਸਨ। ਉਨ੍ਹਾਂ ਨੂੰ ਸਜ਼ਾ ਸੁਣਾਉਣ ਲਈ ਅੱਜ ਜੇਲ੍ਹ ਵਿਚ ਅਸਥਾਈ ਕੋਰਟ ਬਣਾਇਆ ਗਿਆ।