ਸੁਨਾਮ : ਮੁਲਾਜ਼ਮ ਜਥੇਬੰਦੀਆਂ ਨੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਵੱਲੋਂ ਪੇਸ਼ ਕੀਤੇ ਸਾਲ 2024-2025 ਦੇ ਬਜ਼ਟ ਨੂੰ ਮੁਲਾਜ਼ਮਾਂ ਨਾਲ਼ ਧੋਖਾ ਕਰਾਰ ਦਿੱਤਾ ਹੈ। ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਮੁਲਾਜ਼ਮ ਵਰਗ ਭਗਵੰਤ ਮਾਨ ਸਰਕਾਰ ਦੇ ਲਾਰਿਆਂ ਤੋਂ ਅੱਕ ਚੁੱਕਿਆ ਹੈ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੁਬਾਈ ਆਗੂ ਅਤੇ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ , ਸਕੱਤਰ ਕਰਨੈਲ ਸਿੰਘ ,ਜਿਲਾ ਪ੍ਰਧਾਨ ਅਵਤਾਰ ਸਿੰਘ ਗੰਢੂਆ ,ਸਿਹਤ ਵਿਭਾਗ ਦੇ ਡਰਾਈਵਰ ਯੂਨੀਅਨ ਦੇ ਜਿਲਾ ਪ੍ਰਧਾਨ ਸਤਨਾਮ ਸਿੰਘ ਬਡਰੁੱਖਾਂ ,ਮਲਟੀਪਰਪਜ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਦੇ ਆਗੂ ਦਲਜੀਤ ਢਿੱਲੋਂ ,ਕੁਲਵਿੰਦਰ ਸਿੰਘ ਸਿੱਧੂ ,ਕੁਲਦੀਪ ਕੌਹਰੀਆਂ ,ਨਰੇਸ ਕੁਮਾਰ ,ਸੂਰਜ ਪ੍ਰਕਾਸ ,ਯਾਦਵਿੰਦਰ ਸਿੰਘ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਮੁਲਾਜਮ ਵਰਗ ਨੇ ਬੜੇ ਚਾਅ ਦੇ ਨਾਲ ਸੱਤਾ ਵਿੱਚ ਲਿਆਂਦਾ ਸੀ ਪਰ ਇਹ ਸਰਕਾਰ ਨੇ ਨਾ ਤਾਂ ਅੱਜ ਪੇਸ਼ ਕੀਤੇ ਬਜ਼ਟ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਕੋਈ ਐਲਾਨ ਕੀਤਾ ਹੈ । ਉਨ੍ਹਾਂ ਕਿਹਾ ਕਿ ਛੇਵੇਂ ਤਨਖਾਹ ਕਮਿਸਨ ਦਾ ਜਨਵਰੀ 2016 ਏਰੀਅਰ ਅਤੇ ਤਰੁੱਟੀਆਂ ਦੂਰ ਕਰਨ ਸਮੇਤ ਡੀ ਏ ਦੀਆਂ ਦੋ ਕਿਸ਼ਤਾਂ ਅੱਠ ਫੀਸਦੀ ਦੇਣ , ਕੰਟਰੇਕਟ ਦੇ ਮੁਲਾਜ਼ਮਾਂ ਨੂੰ ਰੈਗਲੂਰ ਕਰਨ ,ਪਿਛਲੀ ਸਰਕਾਰ ਵੱਲੋਂ ਰੋਕੇ ਭੱਤੇ ਬਹਾਲ ਕਰਨ ਸਮੇਤ ਏ ਸੀ ਪੀ ਸਕੀਮ 4,9,14 ਸਾਲਾਂ ਬਹਾਲ ਕਰਨ ਸਮੇਤ ਪੰਜਾਬ ਦੇ ਛੇ ਲੱਖ ਮੁਲਾਜ਼ਮ ਪੈਨਸ਼ਨਰਾਂ ਦੀ ਕਿਸੇ ਮੰਗ ਦਾ ਜਿਕਰ ਤੱਕ ਨਹੀ ਕੀਤਾ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਆਪਣੇ ਹਰ ਇੱਕ ਵਾਅਦੇ ਤੋਂ ਮੁੱਕਰੀ ਹੈ ਮੁਲਾਜਮ ਵਰਗ ਵਿੱਚ ਸਰਕਾਰ ਦੇ ਖਿਲਾਫ਼ ਵਿਆਪਕ ਰੋਸ ਹੈ। ਮੁਲਾਜ਼ਮਾਂ ਦੇ ਸਾਂਝੇ ਫਰੰਟ ਵੱਲੋਂ ਕੱਲ ਅਤੇ ਪਰਸੋਂ ਪੂਰੇ ਸੂਬੇ ਵਿੱਚ ਬਜਟ ਦੀਆਂ ਕਾਪੀਆਂ ਸਾੜਕੇ ਅਗਲੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ ।