ਫੌਜੀ ਹੈਲਥ ਕਲੱਬ ਵੱਲੋਂ ਮਿਸਟਰ ਇੰਡੀਆ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕਰਵਾਈ
ਮਾਲੇਰਕੋਟਲਾ : ਫੋਜੀ ਹੈਲਥ ਕਲੱਬ ਵੱਲੋਂ ਸਥਾਨਕ ਰਾਣੀ ਮਹਿਲ ਪੈਲੇਸ ਵਿਖੇ ਮਿਸਟਰ ਇੰਡੀਆ ਬਾਡੀ ਬਿਲਡਿੰਗ ਚੈਂਪੀਅਨਸ਼ਿਪ-2024 ਕਰਵਾਈ ਗਈ, ਜਿਸ ਵਿੱਚ ਦੇਸ਼ ਭਰ ਤੋਂ ਵੱਡੀ ਸੰਖਿਆ 'ਚ ਬਾਡੀ ਬਿਲਡਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬ ਵਕਫ ਬੋਰਡ ਦੇ ਸਾਬਕਾ ਮੈਂਬਰ ਸਾਹਿਬਜ਼ਾਦਾ ਨਦੀਮ ਅਨਵਾਰ ਖਾਂ, ਮੁਹੰਮਦ ਨਾਜ਼ਿਮ ਐਕਟਰ ਮੁੰਬਈ, ਇਲਿਆਸ ਅਬਦਾਲੀ, ਇਜਾਜ ਖਾਲਿਦ (ਗਰਾਫ ਟੈਕਸ), ਗੀਤ ਸੇਠੀ ਅੰਬੂਜਾ, ਅਬਦੁਲ ਰਸ਼ੀਦ, ਜਫਰ ਰਾਹੀਦਾ, ਅਮਜਦ ਚੌਧਰੀ, ਇਜਾਜ ਉਸਤਾਦ, ਰੋਬਿਨ (ਇਮਪਾਇਰ ਹੋਟਲ), ਸ਼ਾਹਿਦ ਵਜ਼ੀਰਾ ਤੇ ਕੌਂਸਲਰ ਨੌਸ਼ਾਦ ਅਨਵਰ (ਐਮਡੀ ਰਾਣੀ ਮਹਿਲ) ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਜੇਤੂਆਂ ਨੂੰ ਇਨਾਮ ਵੰਡੇ। ਇਸ ਮੌਕੇ ਸਾਹਿਬਜਾਦਾ ਨਦੀਮ ਅਨਵਾਰ ਖਾਂ ਨੇ ਫੋਜੀ ਹੈਲਥ ਕਲੱਬ ਵੱਲੋਂ ਕਰਵਾਈ ਗਈ ਚੈਂਪੀਅਨਸ਼ਿਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਸਾਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੇ ਹਨ, ਉੱਥੇ ਹੀ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਸਹਾਈ ਸਿੱਧ ਹੁੰਦੇ ਹਨ ਤੇ ਸਾਡੀ ਨੌਜਵਾਨ ਪੀੜੀ ਪੰਜਾਬ ਦੇ ਸਭਿਆਚਾਰ ਤੋਂ ਵੀ ਜਾਣੂ ਹੁੰਦੀ ਹੈ।ਇਸ ਦੌਰਾਨ ਉਨ੍ਹਾਂ ਚੈਂਪੀਅਨਸ਼ਿਪ 'ਚ ਭਾਗ ਲੈ ਰਹੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਹੋਰਨਾਂ ਨੂੰ ਵੀ ਇਨ੍ਹਾਂ ਖਿਡਾਰੀਆਂ ਤੋਂ ਪ੍ਰੇਰਿਤ ਹੋ ਕੇ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਨੋਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਮੁਕਾਬਲੇ 'ਚ ਚੰਗੀ ਪ੍ਰਤਿਭਾ ਦਿਖਾਉਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ।ਜਾਣਕਾਰੀ ਦਿੰਦਿਆਂ ਚੈਂਪੀਅਨਸ਼ਿਪ ਦੇ ਮੁੱਖ ਪ੍ਰਬੰਧਕ ਮੁਹੰਮਦ ਫਿਰੋਜ਼ ਫੋਜ਼ੀ ਨੇ ਦੱਸਿਆ ਕਿ ਦਵਿੰਦਰਪਾਲ ਬਰੇਲੀ ਨੇ ਮਿਸਟਰ ਇੰਡੀਆ, ਆਸ਼ੂ ਸ਼ਰਮਾ ਜਲੰਧਰ ਨੇ ਮਿਸਟਰ ਪੰਜਾਬ, ਇਮਰਾਨ ਨੇ ਮਿਸਟਰ ਸੰਗਰੂਰ ਦਾ ਖਿਤਾਬ ਜਿੱਤਿਆ। ਇਸ ਤੋਂ ਇਲਾਵਾ ਨਿਊ ਕਮਰ ਮਿਸਟਰ ਸੰਗਰੂਰ ਦਾ ਖਿਤਾਬ ਨਾਸਿਰ ਚੌਧਰੀ ਮਲੇਰਕੋਟਲਾ ਤੇ ਨੈਚੁਰਲ ਮਿਸਟਰ ਸੰਗਰੂਰ ਦਾ ਖਿਤਾਬ ਸ਼ਾਹਿਦ ਕੁਰੈਸ਼ੀ ਨੇ ਜਿੱਤਿਆ। ਉਨ੍ਹਾਂ ਦੱਸਿਆ ਕਿ ਓਵਰ ਆਲ ਜੇਤੂ ਨੂੰ 01 ਲੱਖ ਰੁਪਏ ਨਕਦ ਸਮੇਤ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ, ਇਸ ਤੋਂ ਇਲਾਵਾ ਮਿਸਟਰ ਪੰਜਾਬ, ਮਿਸਟਰ ਸੰਗਰੂਰ ਆਦਿ ਮੁਕਾਬਲੇ ਦੇ ਜੇਤੂਆਂ ਨੂੰ ਪਹਿਲੇ ਇਨਾਮ 'ਚ 10 ਹਜ਼ਾਰ ਰੁਪਏ, ਦੂਜੇ ਇਨਾਮ 'ਚ 07 ਹਜ਼ਾਰ ਤੇ ਤੀਜੇ ਇਨਾਮ 'ਚ 05 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਅੰਤ 'ਚ ਮੁਹੰਮਦ ਫਿਰੋਜ਼ ਫੋਜੀ ਨੇ ਚੈਂਪੀਅਨਸ਼ਿਪ ਨੂੰ ਯਾਦਗਾਰੀ ਬਣਾਉਣ ਲਈ ਯੋਗਦਾਨ ਪਾਉਣ ਵਾਲੇ ਪਤਵੰਤਿਆਂ ਤੇ ਦਰਸ਼ਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।