ਮੋਗਾ : ਜਸਵਿੰਦਰ ਰੱਤੀਆਂ ਕੋਲ ਜਿੰਦਗੀ ਦੇ ਵੰਨ ਸੁਵੰਨੇ ਅਨੁਭਵ ਹਨ ਤੇ ਇਹਨਾਂ ਬਹੁਪੱਖੀ ਅਨੁਭਵਾਂ ਨੂੰ ਉਸਨੇ ਆਪਣੇ ਵੱਡ ਆਕਾਰੀ ਨਾਵਲ ਕੂੰਜਾਂ ਵਿਚ ਬੜੀ ਮੇਹਨਤ ਨਾਲ ਪੇਸ਼ ਕੀਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਸਿੱਧ ਨਾਵਲਕਾਰ ਵਿਅੰਗਕਾਰ ਤੇ ਕਹਾਣੀਕਾਰ ਕੇ ਐਲ ਗਰਗ ਨੇ ਨਾਵਲ ‘ਕੂੰਜਾਂ’ ਬਾਰੇ ਬੋਲਦਿਆਂ ਕੀਤਾ। ਉਹ ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਨਾਵਲ ਕੂੰਜਾਂ ਦੇ ਲੋਕ ਅਰਪਣ ਲਈ ਕਰਵਾਏ ਭਰਵੇਂ ਸਮਾਗਮ ਵਿੱਚ ਬੋਲ ਰਹੇ ਸਨ। ਸਮਾਗਮ ਦੇ ਮੁੱਖ ਮਹਿਮਾਨ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਾਰਤਕਕਾਰ ਨਿੰਦਰ ਘੁਗਿਆਣਵੀ ਨੇ ਵਿਦੇਸ਼ ਖਾਸ ਕਰ ਯੂ ਕੇ ਵਿਚ ਹਾਲਾਤ ਐਨੇ ਸੌਖੇ ਨਹੀਂ ਹਨ, ਇਸਦੇ ਬਾਵਜੂਦ ਜਸਵਿੰਦਰ ਜਿਹੇ ਲੇਖਕ ਮਾਂ ਬੋਲੀ ਪੰਜਾਬੀ ਨੂੰ ਮੁਹੱਬਤ ਕਰਦਿਆਂ ਲਗਾਤਾਰ ਰਚਨਾਤਮਿਕ ਕਾਰਜ ਕਰ ਰਹੇ ਹਨ। ਨਾਵਲ ਬਾਰੇ ਬੋਲਦਿਆਂ ਮੰਚ ਦੇ ਪ੍ਰਧਾਨ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਜਸਵਿੰਦਰ ਦੇ ਨਾਵਲਾਂ ਵਿਚ ਪੰਜਾਬ ਦੇ ਕਿਸਾਨੀ ਸਮਾਜ ਅਤੇ ਪਰਵਾਸ ਧਾਰਨ ਕਰ ਚੁੱਕੇ ਲੋਕਾਂ ਅੰਦਰਲੀਆਂ ਦੁਬਿਧਾਵਾਂ ਅਤੇ ਸਮੱਸਿਆਵਾਂ ਦੀ ਭਰਪੂਰ ਪੇਸ਼ਕਾਰੀ ਹੋਈ ਹੈ। ਨਾਮਵਰ ਆਲੋਚਕ ਡਾ ਸੁਰਜੀਤ ਬਰਾੜ ਨੇ ਕਿਹਾ ਕਿ ਜਸਵਿੰਦਰ ਨੇ ਹਰੀ ਕ੍ਰਾਂਤੀ ਦੇ ਆਉਣ ਨਾਲ ਪੰਜਾਬ ਦੇ ਕਿਸਾਨੀ ਸਮਾਜ ਵਿਚ ਆਈਆਂ ਆਰਥਿਕ, ਸਭਿਆਚਾਰਕ, ਮਾਨਸਿਕ ਤੇ ਸਮਾਜਿਕ ਤਬਦੀਲੀਆਂ ਨੂੰ ਨੇੜਿਓ ਵਾਚਿਆ ਹੈ। ਅਜ਼ੀਮ ਸ਼ੇਖਰ ਨੇ ਜਸਵਿੰਦਰ ਰੱਤੀਆਂ ਨੂੰ ਪੇਂਡੂ ਜੀਵਨ ਦਾ ਚਿਤੇਰਾ ਕਿਹਾ। ਜੋਗਿੰਦਰ ਬਾਠ ਹਾਲੈਂਡ ਨੇ ਜਸਵਿੰਦਰ ਦੀਆਂ ਕਹਾਣੀਆਂ ਤੇ ਨਾਵਲਾਂ ਵਿਚ ਪੇਸ਼ ਹੋਈਆਂ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕੀਤੀ। ਗੁਰਚਰਨ ਨੂਰਪੁਰ ਨੇ ਕਿਹਾ ਕਿ ਉਹੀ ਰਚਨਾ ਚਿਰ ਸਥਾਈ ਹੁੰਦੀ ਹੈ ਜਿਸਦੇ ਪਾਤਰ ਔਖੇ ਹਾਲਾਤ ਵਿਚ ਵੀ ਚਟਾਨ ਵਾਂਗ ਡਟੇ ਰਹਿਣ। ਜਿਲ੍ਹਾ ਭਾਸ਼ਾ ਅਫਸਰ ਮੋਗਾ ਤੇ ਨਾਮਵਰ ਸ਼ਾਇਰ ਡਾ ਅਜੀਤਪਾਲ ਸਿੰਘ ਨੇ ਆਏ ਹੋਏ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ ਅਤੇ ਆਪਣੀ ਸੁਹਜ ਭਰੀ ਆਵਾਜ਼ ਵਿਚ ਖੂਬਸੂਰਤ ਸ਼ਾਇਰੀ ਵੀ ਪੇਸ਼ ਕੀਤੀ। ਆਸਟਰੇਲੀਆ ਤੋਂ ਵਿਸ਼ੇਸ਼ ਤੌਰ ’ਤੇ ਸਮਾਗਮ ਵਿੱਚ ਹਾਜ਼ਰ ਹੋਈ ਜਗਜੀਤ ਕੌਰ ਸੰਧੂ ਨੇ ਜਸਵਿੰਦਰ ਅਤੇ ਮੰਚ ਨੂੰ ਸੁਚੱਜੇ ਸਮਾਗਮ ਲਈ ਮੁਬਾਰਕਬਾਦ ਦਿੱਤੀ। ਮੰਚ ਦੇ ਸਰਪ੍ਰਸਤ ਗੁਰਬਚਨ ਚਿੰਤਕ ਨੇ ਰੁਬਾਈਆਂ ਸੁਣਾ ਕੇ ਮਾਹੌਲ ਨੂੰ ਕਾਵਿਕ ਬਣਾ ਦਿੱਤਾ।