ਸੰਦੌੜ : ਲੰਘੀ ਕੱਲ ਪੰਜਾਬ ਵਿਧਾਨ ਸਭਾ ਅੰਦਰ ਪ੍ਰੈਸ ਗੈਲਰੀ ਕਮੇਟੀ ਦੇ ਮੈਂਬਰ (ਏ.ਬੀ.ਸੀ.ਚੈਨਲ) ਦੇ ਪੱਤਰਕਾਰ ਸੰਦੀਪ ਸਿੰਘ ਲਾਧੂਕਾ ਅਤੇ ਉਸਦੇ ਕੈਮਰਾਮੈਨ ਮਨਦੀਪ ਸਿੰਘ ਨਾਲ ਪੰਜਾਬ ਸਰਕਾਰ ਦੇ ਇਕ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਬਦਸਲੂਕੀ ਕਰਦਿਆਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੇ ਜਾਣ ਨੂੰ ਲੈ ਕੇ ਪੰਜਾਬ ਭਰ ਦੇ ਪੱਤਰਕਾਰਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਮਾਲੇਰਕੋਟਲਾ ਪ੍ਰੈਸ ਕਲੱਬ ਦੇ ਜ਼ਿਲ੍ਹਾ ਪ੍ਰਧਾਨ ਸ਼ਹਾਬੂਦੀਨ ਦੀ ਅਗਵਾਈ ਹੇਠ ਅੱਜ ਜ਼ਿਲ੍ਹੇ ਭਰ ਦੇ ਪੱਤਰਕਾਰਾਂ ਨੇ ਇੱਕਠੇ ਹੋ ਕੇ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਨੂੰ ਗਵਰਨਰ ਪੰਜਾਬ ਦੇ ਨਾਂ ਮੰਗ ਪੱਤਰ ਦਿੰਦਿਆਂ ਉਕਤ ਵਿਧਾਇਕ ਪਠਾਣਮਾਜਰਾ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਉਪਰੋਕਤ ਪੂਰੇ ਮਾਮਲੇ ਬਾਰੇ ਡੀ.ਸੀ. ਸਾਹਿਬ ਨੂੰ ਜਾਣੂ ਕਰਵਾਉਂਦਿਆਂ ਪੱਤਰਕਾਰਾਂ ਨੇ ਦੱਸਿਆ ਕਿ ਪੱਤਰਕਾਰ ਸੰਦੀਪ ਲਾਧੂਕਾ ਜਦੋਂ ਆਪਣੇ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਵਿਧਾਨ ਸਭਾ ਦੀ ਪ੍ਰੈਸ ਗੈਲਰੀ ‘ਚ ਬਜ਼ਟ ਸ਼ੈਸਨ ਦੀ ਕਵਰੇਜ਼ ਕਰ ਰਿਹਾ ਸੀ ਤਾਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕੈਮਰਾਮੈਨ ਨਾਲ ਮਾੜਾ ਵਰਤਾਓ ਕੀਤਾ, ਜਿਸਦਾ ਪੱਤਰਕਾਰ ਸੰਦੀਪ ਸਿੰਘ ਵੱਲੋਂ ਇਤਰਾਜ਼ ਕਰਨ ‘ਤੇ ਵਿਧਾਇਕ ਪਠਾਣਮਾਜਰਾ ਉਸਨੂੰ ਬਾਂਹ ਤੋਂ ਫੜ੍ਹ ਕੇ ਪ੍ਰੈਸ ਗੈਲਰੀ ਤੋਂ ਬਾਹਰ ਲੈ ਗਏ ਅਤੇ ਜਾਨੋ ਮਾਰਨ ਦੀਆਂ ਕਥਿਤ ਧਮਕੀਆਂ ਦੇਣ ਲੱਗੇ।
ਲੋਕਤੰਤਰ ਦੇ ਚੌਥੇ ਥੰਮ ਵੱਜੋਂ ਜਾਣੇ ਜਾਂਦੇ ਪੱਤਰਕਾਰਾਂ ਨਾਲ ਮੌਜੂਦਾ ਸਰਕਾਰ ਦੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਆਏ ਦਿਨ ਬਦਸਲੂਕੀਆਂ ਕੀਤੀਆਂ ਜਾ ਰਹੀਆਂ ਹਨ।ਜਿਸ ਕਾਰਨ ਪੱਤਰਕਾਰਾਂ ‘ਚ ਜਾਨ-ਮਾਲ ਦਾ ਡਰ ਅਤੇ ਭਾਰੀ ਰੋਸ ਪਾਇਆ ਜਾ ਰਿਹਾ ਹੈ।ਜੇਕਰ ਸਰਕਾਰ ਦੇ ਚੁਣੇ ਹੋਏ ਨੁਮਾਇੰਦੇ ਪੱਤਰਕਾਰਾਂ ਨਾਲ ਹੀ ਅਜਿਹਾ ਮਾੜਾ ਵਰਤਾਓ ਕਰਦੇ ਹਨ ਤਾਂ ਆਮ ਲੋਕਾਂ ਨਾਲ ਕੀ ਕੁਝ ਹੁੰਦਾ ਹੋਵੇਗਾ।ਉਕਤ ਘਟਨਾਂ ਦੀ ਪੂਰਜ਼ੋਰ ਨਿੰਦਾ ਕਰਦੇ ਹੋਏ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਗਵਰਨਰ ਸਾਹਿਬ, ਮੁੱਖ ਮੰਤਰੀ ਪੰਜਾਬ ਅਤੇ ਵਿਧਾਨ ਸਭਾ ਦੇ ਸਪੀਕਰ ਤੋਂ ਮੰਗ ਕੀਤੀ ਗਈ ਕਿ ਵਿਧਾਇਕ ਪਠਾਣ ਮਾਜਰਾ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਵਿਧਾਨ ਸਭਾ ਦੀ ਮੈਂਬਰੀ ਤੋਂ ਬਰਖਾਸਤ ਕੀਤਾ ਜਾਵੇ । ਮੰਗ ਪੱਤਰ ਦੇਣ ਉਪਰੰਤ ਮਾਲੇਰਕੋਟਲਾ ਜ਼ਿਲ੍ਹਾ ਪ੍ਰੈਸ ਕਲੱਬ ਵੱਲੋਂ ਪੱਤਰਕਾਰਾਂ ਦੀਆਂ ਸਮੱਸਿਆਵਾਂ ਸਬੰਧੀ ਡਿਪਟੀ ਕਮਿਸ਼ਨਰ ਡਾ.ਪੱਲਵੀ ਨਾਲ ਇਕ ਮੀਟਿੰਗ ਕੀਤੀ ਗਈ।ਜਿਸ ‘ਚ ਫੀਲਡ ਅੰਦਰ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਸਥਾਰ ਸਹਿਤ ਚਰਚਾ ਕਰਦਿਆਂ ਡੀ.ਸੀ. ਸਾਹਿਬਾ ਨੇ ਕਿਹਾ ਕਿ ਪੱਤਰਕਾਰਾਂ ਅਤੇ ਪ੍ਰਸ਼ਾਸਨ ਦਰਮਿਆਨ ਵਧੀਆ ਸਬੰਧ ਹੋਣੇ ਬਹੁਤ ਜ਼ਰੂਰੀ ਹਨ, ਕਿਉਂਕਿ ਪੱਤਰਕਾਰ ਹੀ ਹਨ ਜੋ ਸਮਾਜ ਅੰਦਰਲੀਆਂ ਲੋਕ ਸਮੱਸਿਆਵਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਹਨ ਅਤੇ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਨੂੰ ਜਨਤਾ ਤੱਕ ਪਹੁੰਚਾਉਣ ਲਈ ਪ੍ਰਸ਼ਾਸਨ ਦੀ ਵੀ ਮਦਦ ਕਰਦੇ ਹਨ।ਪੱਤਰਕਾਰਾਂ ਵੱਲੋਂ ਰੱਖੀਆਂ ਗਈਆਂ ਸਮੱਸਿਆਵਾਂ ਸਬੰਧੀ ਗੱਲ ਕਰਦੇ ਹੋਏ ਡੀ.ਸੀ. ਡਾ.ਪੱਲਵੀ ਨੇ ਕਿਹਾ ਕਿ ਪੱਤਰਕਾਰਾਂ ਨੂੰ ਸਾਰੇ ਸਰਕਾਰੀ ਦਫਤਰਾਂ ‘ਚ ਜਿਥੇ ਪੂਰਾ ਮਾਣ-ਸਨਮਾਨ ਮਿਲੇਗਾ ਉਥੇ ਉਨ੍ਹਾਂ ਦੀ ਗੱਲਬਾਤ ਵੀ ਪਹਿਲ ਦੇ ਅਧਾਰ ‘ਤੇ ਸੁਣੀ ਜਾਵੇਗੀ।ਉਨ੍ਹਾਂ ਕਿਹਾ ਕਿ ਪੱਤਰਕਾਰਾਂ ਅਤੇ ਪ੍ਰਸ਼ਾਸਨ ਵਿਚਕਾਰ ਆਪਸੀ ਸਬੰਧਾਂ ਨੂੰ ਹੋਰ ਵਧੀਆ ਤੇ ਮਜ਼ਬੂਤ ਬਣਾਉਣ ਲਈ ਉਹ ਹਰ ਮਹੀਨੇ ਆਪਣੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਪੱਤਰਕਾਰਾਂ ਨਾਲ ਮੀਟਿੰਗ ਜ਼ਰੂਰ ਕਰਿਆ ਕਰਨਗੇ।ਅਖੀਰ ‘ਚ ਪ੍ਰੈਸ ਕਲੱਬ ਦੇ ਜ਼ਿਲ੍ਹਾ ਪ੍ਰਧਾਨ ਸ਼ਹਾਬੂਦੀਨ ਨੇ ਡਿਪਟੀ ਕਮਿਸ਼ਨਰ ਡਾ.ਪੱਲਵੀ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਮਾਲੇਰਕੋਟਲਾ ਜ਼ਿਲ੍ਹੇ ਦਾ ਸਮੂਹ ਪੱਤਰਕਾਰ ਭਾਈਚਾਰਾ ਜ਼ਿਲ੍ਹੇ ਦੀ ਤਰੱਕੀ ਤੇ ਬਿਹਤਰੀ ਲਈ ਪ੍ਰਸ਼ਾਸਨ ਨੂੰ ਹਰ ਪੱਖੋਂ ਪੂਰਨ ਸਹਿਯੋਗ ਕਰੇਗਾ। ਇਸ ਮੌਕੇ ਮੀਟਿੰਗ ‘ਚ ਪ੍ਰੈਸ ਕਲੱਬ ਦੇ ਜ਼ਿਲ੍ਹਾ ਪ੍ਰਧਾਨ ਸ਼ਹਾਬੂਦੀਨ, ਮੁਨਸ਼ੀ ਫਾਰੂਕ, ਯਾਸੀਨ ਅਲੀ, ਦਲਜਿੰਦਰ ਸਿੰਘ ਕਲਸੀ, ਸ਼ਾਹਿਦ ਜ਼ੁਬੈਰੀ, ਮੁਕੰਦ ਸਿੰਘ ਚੀਮਾ ਸੰਦੌੜ, ਸੁਖਵਿੰਦਰ ਸਿੰਘ ਅਟਵਾਲ ਅਮਰਗੜ੍ਹ, ਸਿਰਾਜਦੀਨ ਦਿਓਲ, ਬੀ.ਐਸ. ਸ਼ੇਰਗਿੱਲ ਅਮਰਗੜ੍ਹ, ਗੁਰਤੇਜ਼ ਜੋਸ਼ੀ ਸੱਚ ਕੰਹੂ, ਮੁਹੰਮਦ ਸਲੀਮ, ਮਹਿਬੂਬ ਤੱਖਰ, ਮੁਹੰਮਦ ਇਮਰਾਨ, ਬਲਜੀਤ ਸਿੰਘ ਹੁਸੈਨਪੁਰਾ, ਮੈਡਮ ਤਮੰਨਾਂ ਵਰਮਾਂ, ਰਾਜੇਸ਼ ਸ਼ਰਮਾਂ, ਜਗਰਾਜ ਖਾਂ ਅਮਰਗੜ੍ਹ, ਮਨਜੀਤ ਸਿੰਘ ਬਾਗੜੀਆਂ ਅਮਰਗੜ੍ਹ, ਐਮ.ਡੀ. ਸਹਿਬਾਜ, ਪਰਮਜੀਤ ਸਿੰਘ, ਡਾ.ਪਵਿੱਤਰ ਸਿੰਘ ਅਮਰਗੜ੍ਹ ਸਮੇਤ ਕਈ ਹੋਰ ਪੱਤਰਕਾਰ ਸਾਥੀ ਵੀ ਹਾਜ਼ਰ ਸਨ।