ਸੁਨਾਮ : ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਸ਼ੇਰੋਂ ਦਾ ਭਾਰਤੀ ਫੌਜ ਵਿਚ ਸਿਪਾਹੀ ਵਜੋਂ ਤਾਇਨਾਤ ਨੌਜਵਾਨ ਡਿਊਟੀ ਦੌਰਾਨ ਆਪਣੀ ਜਾਨ ਦੇਸ਼ ਦੇ ਲੇਖੇ ਲਾ ਗਿਆ। ਅੱਜ ਫੌਜ ਦੀ ਟੁਕੜੀ ਵਲੋਂ ਸ਼ਹੀਦ ਗੁਰਚਰਨ ਸਿੰਘ (34 ਸਾਲ) ਦੀ ਮ੍ਰਿਤਕ ਦੇਹ ਨੂੰ ਉਸਦੇ ਜੱਦੀ ਪਿੰਡ ਸ਼ੇਰੋਂ ਲਿਆਂਦਾ ਗਿਆ ਜਿਥੇ ਉਸਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਗੁਰਚਰਨ ਸਿੰਘ ਕੁੱਝ ਸਮਾਂ ਪਹਿਲਾਂ ਭਾਰਤੀ ਫੌਜ ਦੀ ਸਿੱਖ ਲਾਈਟ ਯੂਨਿਟ ਵਿਚੋਂ ਨਾਇਕ ਵਜੋਂ ਸੇਵਾ ਮੁਕਤ ਹੋਇਆ ਸੀ। ਸੇਵਾ ਮੁਕਤੀ ਤੋਂ ਬਾਅਦ ਉਸਨੇ ਭਾਰਤੀ ਫੌਜ ਦੀ ਡਿਫੈਂਸ ਸਰਵਿਸ ਕੋਰ ਯੂਨਿਟ 916 ਦੀ ਡੀ.ਐੱਸ.ਸੀ. ਪਲਾਟੂਨ ਨੂੰ ਮੁੜ ਤੋਂ ਜੁਆਇਨ ਕਰ ਲਿਆ ਸੀ। ਆਪਣੇ ਸੇਵਾ ਕਾਲ ਦੌਰਾਨ ਉਸਨੂੰ ਇਨਫੈਕਸ਼ਨ ਹੋ ਗਿਆ ਜੋ ਕਿ ਉਸ ਲਈ ਜਾਨਲੇਵਾ ਸਾਬਤ ਹੋਇਆ। ਆਪਣੀ ਫੌਜ ਦੀ ਨੌਕਰੀ ਦੌਰਾਨ ਅਨੇਕਾਂ ਆਪਰੇਸ਼ਨਾਂ ਦੀ ਜਿੱਤ ਦਾ ਗਵਾਹ ਰਿਹਾ ਗੁਰਚਰਨ ਸਿੰਘ ਇਕ ਮਹੀਨੇ ਤੋਂ ਬੀਮਾਰੀ ਨਾਲ ਜੂਝਦੇ ਹੋਏ ਕੱਲ੍ਹ ਸਵੇਰੇ ਆਪਣੇ ਪ੍ਰਾਣਾਂ ਦੀ ਜੰਗ ਹਾਰ ਗਿਆ। ਅੱਜ ਨਾਇਬ ਸੂਬੇਦਾਰ ਚਰਨਜੀਤ ਸਿੰਘ ਦੀ ਅਗਵਾਈ ਵਿਚ ਆਈ ਫੌਜੀ ਨੌਜਵਾਨਾਂ ਦੀ ਟੁਕੜੀ ਨੇ ਸ਼ਹੀਦ ਗੁਰਚਰਨ ਸਿੰਘ ਨੂੰ ਹਥਿਆਰ ਉਲਟੇ ਕਰਕੇ ਸਲਾਮੀ ਦਿੱਤੀ। ਇਸ ਦੌਰਾਨ ਫੌਜੀ ਅਫਸਰਾਂ, ਸਾਬਕਾ ਸੈਨਿਕ ਵਿੰਗ ਦੇ ਅਹੁਦੇਦਾਰਾਂ ਅਤੇ ਵੱਖ-ਵੱਖ ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਹੀਦ ਦੀ ਮ੍ਰਿਤਕ ਦੇਹ ਉਤੇ ਫੁੱਲਾਂ ਦਾ ਚੱਕਰ (ਰੀਥ) ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ। ਫੌਜ ਅਧਿਕਾਰੀਆਂ ਵਲੋਂ ਸ਼ਹੀਦ ਦੀ ਪਤਨੀ ਸੰਦੀਪ ਕੌਰ ਨੂੰ ਤਿਰੰਗਾ ਝੰਡਾ ਭੇਂਟ ਕੀਤਾ ਗਿਆ। ਮਾਹੌਲ ਉਸ ਸਮੇਂ ਬੇਹੱਦ ਗਮਗੀਨ ਹੋ ਗਿਆ ਜਦੋਂ ਸ਼ਹੀਦ ਗੁਰਚਰਨ ਸਿੰਘ ਦੀ ਪਤਨੀ ਸੰਦੀਪ ਕੌਰ ਅਤੇ ਉਸਦੇ ਦੋ ਜੁੜਵੇਂ ਪੁੱਤਰਾਂ ਬਲਜੋਤ ਸਿੰਘ ਅਤੇ ਬਲਰਾਜ ਸਿੰਘ (ਸਾਢੇ ਸੱਤ ਸਾਲ) ਨੇ ਆਪਣੇ ਪਿਤਾ ਨੂੰ ਸਲਾਮੀ ਦਿੱਤੀ। ਸਾਬਕਾ ਸੈਨਿਕ ਵਿੰਗ ਵਲੋਂ ਸੂਬਾ ਚੇਅਰਮੈਨ ਗੁਰਮੇਲ ਸਿੰਘ, ਬਲਾਕ ਸੁਨਾਮ ਤੋਂ ਪ੍ਰਧਾਨ ਮੱਲ ਸਿੰਘ, ਬਲਾਕ ਲੌਂਗੋਵਾਲ ਤੋਂ ਪ੍ਰਧਾਨ ਆਤਮਾ ਸਿੰਘ, ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਸਤਿਗੁਰ ਸਿੰਘ ਨਮੋਲ, ਕੇਵਲ ਸਿੰਘ ਸ਼ੇਰੋਂ , ਡਾ. ਰੂਪ ਸਿੰਘ, ਬਿੱਕਰ ਸਿੰਘ ਸਰਪੰਚ, ਤਾਰਾ ਸਿੰਘ ਨੇ ਸ਼ਹੀਦ ਗੁਰਚਰਨ ਸਿੰਘ ਨੂੰ ਸ਼ਰਧਂਜਲੀ ਭੇਟ ਕੀਤੀ।