ਪਟਿਆਲਾ : ਵਾਈਸ-ਚਾਂਸਲਰ ਦੇ ਦਫ਼ਤਰ ਅੱਗੇ ਜੁਆਇੰਟ ਐਕਸ਼ਨ ਕਮੇਟੀ ਦਾ ਸੰਘਰਸ਼ ਲਗਾਤਾਰ ਅੱਜ 41ਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ। ਇਹ ਸੰਘਰਸ਼ ਜੁਆਇੰਟ ਐਕਸ਼ਨ ਕਮੇਟੀ ਵਲੋਂ ਚਾਰ ਮੁੱਦੇ ਤਨਖਾਹ, ਪੈਨਸ਼ਨਾਂ ਦਾ ਸਮੇਂ ਸਿਰ ਭੁਗਤਾਨ ਕਰਨਾ, ਯੂਨੀਵਰਸਿਟੀ ਨੂੰ ਵਿੱਤੀ ਸਹਾਇਤਾ ਅਤੇ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਕਾਇਮ ਰੱਖਣ ਲਈ ਕੀਤਾ ਜਾ ਰਿਹਾ ਹੈ। ਜੁਆਇੰਟ ਐਕਸ਼ਨ ਕਮੇਟੀ ਦੇ ਇਸ ਸੰਘਰਸ਼ ਵਿਚ ਪ੍ਰੋਗਰੈਸਿਵ ਟੀਚਰਜ ਅਲਾਇਸ ਦੇ
ਪ੍ਰਤਿਨੀਧੀਆਂ ਨੇ ਯੂਨੀਵਰਸਿਟੀ ਅਥਾਰਟੀ ਦੀ ਕਰੜੇ ਸ਼ਬਦਾਂ ਵਿਚ ਆਲੋਚਨਾ ਕੀਤੀ ਅਤੇ ਕਿਹਾ ਕਿ ਯੂਨੀਵਰਸਿਟੀ ਨੇ ਐਡਹਾਕ ਅਧਿਆਪਕਾਂ ਦਾ ਪੁੱਟਾ ਇਲੈਕਸ਼ਨ ਲਈ ਵੋਟ ਪਾਉਣ ਦਾ ਅਧਿਕਾਰ ਖੋਹ ਲਿਆ ਹੈ ਜਿਸਦੀ ਜ਼ਿੰਮੇਵਾਰ ਮੌਜੂਦਾ ਪ੍ਰਧਾਨ ਅਤੇ ਸਕੱਤਰ ਪੁੱਟਾ ਹਨ ਕਿਉਕਿ ਉਹਨਾਂ ਨੇ ਯੂਨੀਵਰਸਿਟੀ ਦੇ ਇਸ ਫੈਸਲੇ ਦਾ ਕੋਈ ਵੀ ਵਿਰੋਧ ਨਹੀਂ ਕੀਤਾ। ਇਥੇ ਦੱਸਣਯੋਗ ਹੈ ਕਿ ਯੂਨੀਵਰਸਿਟੀ ਵਿਚ ਐਡਹਾਕ ਅਧਿਆਪਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਸੀ
ਜੋ ਕਿ ਯੂਨੀਵਰਸਿਟੀ ਨੇ ਇਸ ਅਧਿਕਾਰਾ ਨੂੰ ਖ਼ਤਮ ਕਰ ਦਿੱਤਾ ਹੈ। ਜੁਆਇੰਟ ਐਕਸ਼ਨ ਕਮੇਟੀ ਨੇ ਐਡਹਾਕ ਅਧਿਆਪਕਾਂ ਨਾਲ ਹਮਦਰਦੀ ਜਤਾਉਂਦੇ ਹੋਏ ਕਿਹਾ ਕਿ ਜੁਆਇੰਟ ਐਕਸ਼ਨ ਕਮੇਟੀ ਐਡਹਾਕ ਅਧਿਆਪਕਾਂ ਨੂੰ ਵੋਟ ਦਾ ਅਧਿਕਾਰ ਦਿਵਾਉਣ ਲਈ ਸੰਘਰਸ਼ ਕਰੇਗੀ। ਜੁਆਇੰਟ ਐਕਸ਼ਨ ਕਮੇਟੀ ਨੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਸਰਕਾਰ ਦੀ ਆਲੋਚਨਾ ਕੀਤੀ ਅਤੇ ਕਿਹਾ ਯੂਨੀਵਰਸਿਟੀ ਪ੍ਰਸ਼ਾਸ਼ਨ ਤੇ ਸਰਕਾਰ ਮੌਜੂਦਾ ਵਿੱਤੀ ਸੰਕਟ ਨੂੰ ਹੱਲ ਕਰਨ ਲਈ ਕੋਈ ਵੀ ਤਾਲਮੇਲ ਜਾਂ ਕੋਈ ਉਪਰਾਲਾ ਨਹੀਂ ਕਰ ਰਹੇ। ਜੁਆਇੰਟ ਐਕਸ਼ਨ ਕਮੇਟੀ ਅੱਗੇ ਆਖਿਆ ਕਿ ਇਨਾਂ ਸਾਰਿਆਂ ਮਸਲਿਆਂ ਦੇ ਹੱਲ ਲਈ ਜਿਵੇਂ ਤਨਖਾਹ, ਪੈਨਸ਼ਨ, ਖੁਦਮੁਖਤਿਆਰੀ, ਅਧਿਆਪਕਾਂ ਅਤੇ ਕਰਮਚਾਰੀਆਂ ਦੇ ਹੱਕਾਂ ਲਈ ਸੰਘਰਸ਼ ਕਰਦੀ ਰਹੇਗੀ। ਉਹਨਾਂ ਆਖਿਆ ਆਉਣ ਵਾਲੇ ਸਮੇਂ ਵਿਚ ਜੁਆਇੰਟ ਐਕਸ਼ਨ ਕਮੇਟੀ ਇਹ ਸੰਘਰਸ਼ ਬਦਲਵੇ ਰੂਪਾਂ ਵਿਚ ਹੋਰ ਵੀ ਤਿੱਖਾ ਕੀਤਾ ਜਾਵੇਗਾ।