ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਿੱਚ ਪਲੇਠੀ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਅੱਜ ਮੁੱਖ ਮਹਿਮਾਨ ਦੇ ਤੌਰ ਉੱਤੇ ਪਹੁੰਚੇ ਆਈ. ਆਈ. ਟੀ ਰੋਪੜ ਦੇ ਮਕੈਨੀਕਲ ਇੰਜਨੀਅਰਿੰਗ ਦੇ ਪ੍ਰੋਫੈਸਰ ਡਾ. ਹਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ। ਦੋ ਦਿਨ ਚੱਲਣ ਵਾਲੀ ਇਹ ਆਨਲਾਈਨ ਕਾਨਫਰੰਸ ਦਾ ਵਿਸ਼ਾ ਅਡਵਾਂਸਜ਼ ਇਨ ਮਕੈਨੀਕਲ ਐਂਡ ਸਸਟੈਨੇਬਲ ਇੰਜੀਨੀਅਰਿੰਗ ਹੈ ਡਾ. ਹਰਪ੍ਰੀਤ ਸਿੰਘ ਨੇ ਇਸ ਕਾਨਫਰੰਸ ਦਾ ਆਯੋਜਨ ਕਰਨ ਲਈ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੀ ਉਚੇਚੇ ਤੌਰ ਉੱਤੇ ਸ਼ਲਾਘਾ ਕਰਦਿਆਂ ਆਖਿਆ ਕਿ ਸਸਟੇਨੇਬਲ ਇੰਜੀਨੀਅਰਿੰਗ ਅੱਜ ਪੂਰੇ ਸੰਸਾਰ ਲਈ ਬਹੁਤ ਮਹੱਤਵਪੂਰਨ ਹੈ ਅਤੇ ਚੋਟੀ ਦੀਆਂ ਸੰਸਥਾਵਾਂ ਇਸ ਉੱਪਰ ਖੋਜ ਕਰ ਰਹੀਆਂ ਹਨ। ਡਾ ਹਰਪ੍ਰੀਤ ਸਿੰਘ ਦੇ ਅੰਤਰ ਰਾਸ਼ਟਰੀ ਜਰਨਲਾਂ ਦੇ ਵਿੱਚ 195 ਤੋਂ ਵੱਧ ਖੋਜ ਪੱਤਰ ਹਨ ਅਤੇ ਉਹਨਾਂ ਨੂੰ 'ਯੰਗ ਸਾਇੰਟਿਸਟ ਐਵਾਰਡ ਵੀ ਮਿਲਿਆ ਹੋਇਆ ਹੈ। ਸਸਟੇਨੇਬਲ (ਟਿਕਾਊ) ਵਿਧੀਆਂ ਨੂੰ ਆਪਣਾ ਕੇ ਹੀ ਟਿਕਾਊ ਵਿਕਾਸ ਵੱਲ ਵਧਿਆ ਜਾ ਸਕਦਾ। ਵਿਭਾਗ ਦੇ ਮੁਖੀ ਡਾ ਬਲਰਾਜ ਸਿੰਘ ਸੈਣੀ ਨੇ ਡਾ.ਹਰਪ੍ਰੀਤ ਸਿੰਘ ਨੂੰ ਜੀ ਆਇਆਂ ਆਖਿਆ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਿਸ਼ੇ ਉੱਤੇ ਚਰਚਾਵਾਂ ਕਰਨਾ ਨਵੇਂ ਖੋਜਕਰਤਾਵਾਂ ਨੂੰ ਇਹ ਕਾਨਫਰੰਸ ਇੱਕ ਦਿਸ਼ਾ ਦੇਣ ਲਈ ਲਾਹੇਵੰਦ ਹੋਵੇਗੀ ਅਤੇ ਜਿੱਥੇ ਵੱਖ ਵੱਖ ਮਾਹਿਰਾਂ ਵੱਲੋਂ ਦਿੱਤੇ ਭਾਸ਼ਣਾਂ ਰਾਹੀਂ ਵਿਚਾਰਾਂ ਦਾ ਅਦਾਨ ਪ੍ਰਦਾਨ ਕਰਨ ਦਾ ਮੌਕਾ ਮਿਲੇਗਾ। ਅੱਜ ਕੀ ਨੋਟ ਸਪੀਕਰ ਦੇ ਤੌਰ ਉੱਤੇ ਮਕੈਨੀਕਲ ਵਿਸ਼ੇ ਦੇ ਮਾਹਿਰ ਡਾ ਜਸਦੀਪ ਭਿੰਡਰ ਮੌਂਟਰੀਅਲ ਕਨੈਡਾ ਤੋਂ ਵੀ ਆਨਲਾਈਨ ਮੋਡ ਰਾਹੀਂ ਸ਼ਾਮਿਲ ਹੋਏ ਜਿਹਨਾਂ ਨੇ ਪੋਲੀਮਰ ਫੋਮ : ਐਪਲੀਕੇਸ਼ਨ ਇਨ ਸੇਫਟੀ,ਹੈਲਥ, ਐਂਡ ਐਨਵਾਇਰਨਮੈਂਟ' ਦੇ ਵਿਸ਼ੇ ਉੱਪਰ ਲੈਕਚਰ ਕੀਤਾ ਇਸ ਕਾਨਫਰੰਸ ਦੇ ਕਨਵੀਨਰ ਡਾ. ਖੁਸ਼ਦੀਪ ਗੋਇਲ ਅਤੇ ਡਾ ਹਰਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਵੱਖ ਵੱਖ ਸੰਸਥਾਵਾਂ ਨਾਲ਼ ਜੁੜੇ ਮਕੈਨੀਕਲ ਇੰਜੀਨੀਅਰਿੰਗ ਨਾਲ਼ ਸਬੰਧਿਤ ਸਕਾਲਰਜ਼ ਅਤੇ ਅਧਿਆਪਕਾਂ ਵੱਲੋਂ ਇਸ ਕਾਨਫਰੰਸ ਵਿੱਚ ਲਗਭਗ 78 ਖ਼ੋਜ ਪੱਤਰ ਸ਼ਾਮਿਲ ਹੋਏ। ਇਸ ਕਾਨਫਰੰਸ ਦੇ ਕੋ-ਕਨਵੀਨਰ-ਕਮ-ਕੋਆਰਡੀਨੇਟਰ ਡਾ: ਚੰਦਨ ਦੀਪ ਸਿੰਘ ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਹਾਜ਼ਰੀਨ ਨੂੰ ਕਾਨਫਰੰਸ ਬਾਰੇ ਜਾਣੂ ਕਰਵਾਇਆ। ਉਨ੍ਹਾਂ ਮੁੱਖ ਮਹਿਮਾਨ ਪ੍ਰੋ: ਹਰਪ੍ਰੀਤ ਸਿੰਘ, ਗੈਸਟ ਆਫ਼ ਆਨਰ ਪ੍ਰੋ: ਗੁਰਮੀਤ ਕੌਰ ਅਤੇ ਮੁੱਖ ਬੁਲਾਰੇ ਡਾ: ਜਸਦੀਪ ਭਿੰਡਰ (ਕੈਨੇਡਾ ਤੋਂ) ਨਾਲ ਜਾਣ-ਪਛਾਣ ਕਰਵਾਈ ੍ਟ ਉਨ੍ਹਾਂ ਨੇ ਕਿਹਾ ਇਹ ਆਨਲਾਈਨ ਕਾਨਫਰੰਸ ਜ਼ੀਰੋ ਬੱਜਟ ਵਿੱਚ ਕਰਵਾਈ ਜਾ ਰਹੀ ਹੈ ਜੋ ਕਿ ਆਪਣੇ ਆਪ ਵਿੱਚ ਨਿਵੇਕਲਾ ਕਾਰਜ ਹੈ। ਅੱਜ ਦੇ ਉਦਘਾਟਨੀ ਸਮਾਗਮ ਵਿੱਚ ਡਾ. ਗੁਰਮੀਤ ਕੌਰ, ਡੀਨ ਇੰਜੀਨੀਅਰਿੰਗ ਵਿਭਾਗ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਆਰਗੇਨਾਈਜਿੰਗ ਸਕੱਤਰ ਡਾ. ਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਦੋ ਰੋਜ਼ਾ ਆਨਲਾਈਨ ਕਾਨਫਰੰਸ ਵਿੱਚ ਕੁੱਲ ਛੇ ਵੱਖ ਵੱਖ ਆਨਲਾਈਨ ਸੈਸ਼ਨ ਰੱਖੇ ਜਿਸ ਵਿੱਚ ਅੱਜ ਤਿੰਨ ਸੈਸ਼ਨ ਸੰਪੂਰਨ ਹੋ ਗਏ ਹਨ ਅਤੇ ਬਾਕੀ ਤਿੰਨ ਸੈਸ਼ਨ ਭਲਕੇ ਕੀਤੇ ਜਾਣਗੇ ਜਿਸ ਉਪਰੰਤ ਇਸ ਕਾਨਫਰੰਸ ਦਾ ਸਮਾਪਨ ਕੀਤਾ ਜਾਵੇਗਾ। ਇਸ ਕਾਨਫਰੰਸ ਦੇ ਕੋ-ਕੁਆਰਡੀਨੇਟਰ ਡਾ ਤਲਵਿੰਦਰ ਸਿੰਘ, ਡਾ ਹੇਮੰਤ ਕੁਮਾਰ, ਡਾ. ਰਾਜਦੀਪ ਸਿੰਘ , ਡਾ. ਬਲਜਿੰਦਰ ਰਾਮ ਅਤੇ ਡਾ. ਚਰਨਜੀਤ ਨੌਹਰਾ ਹਨ ਜਿਹਨਾਂ ਨੇ ਵੱਖ ਵੱਖ ਸੈਸ਼ਨ ਨੂੰ ਆਨਲਾਈਨ ਮੈਨੇਜ ਕੀਤਾ.