ਮਹਿਲਾਂ ਚੌਕ ਤੋਂ ਭਾਕਿਯੂ ਏਕਤਾ ਉਗਰਾਹਾਂ ਦੇ ਕਾਰਕੁੰਨ ਦਿੱਲੀ ਲਈ ਰਵਾਨਾ ਹੁੰਦੇ ਹੋਏ
ਸੁਨਾਮ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 14 ਮਾਰਚ ਨੂੰ ਦਿੱਲੀ ਵਿਖੇ ਸੱਦੀ ਮਹਾਂ ਪੰਚਾਇਤ ਵਿੱਚ ਭਰਵੀਂ ਸ਼ਮੂਲੀਅਤ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਤੋਂ ਸੈਂਕੜੇ ਕਿਸਾਨਾਂ ਦਾ ਕਾਫ਼ਲਾ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਪਿੰਡ ਮਹਿਲਾਂ ਚੌਂਕ ਤੋਂ ਦਿੱਲੀ ਲਈ ਰਵਾਨਾ ਹੋਇਆ। ਖ਼ਾਸ ਗੱਲ ਇਹ ਰਹੀ ਕਿ ਦਿੱਲੀ ਮਹਾਂ ਪੰਚਾਇਤ ਲਈ ਕਿਸਾਨ ਬੀਬੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਚੌਂਕ ਅਤੇ ਪ੍ਰੈਸ ਸਕੱਤਰ ਹਰਜਿੰਦਰ ਸਿੰਘ ਘਰਾਚੋ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਪੂਰੇ ਭਾਰਤ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਤੇ ਔਰਤਾਂ ਦਿੱਲੀ ਰਾਮਲੀਲਾ ਮੈਦਾਨ ਦੇ ਵਿੱਚ ਕਿਸਾਨ ਮਹਾਂ ਪੰਚਾਇਤ ਕਰ ਰਹੇ ਹਨ ਅਤੇ 14 ਮਾਰਚ ਨੂੰ ਉਸ ਵਿੱਚ ਸ਼ਾਮਿਲ ਹੋਣ ਲਈ ਅੱਜ ਸੰਗਰੂਰ ਜ਼ਿਲ੍ਹੇ ਦੇ ਬਲਾਕ ਭਵਾਨੀਗੜ੍ਹ ਵਿੱਚੋਂ ਸਾਰੇ ਪਿੰਡ ਇਕਾਈਆਂ ਦੇ ਕਾਫਲੇ ਪਿੰਡ ਮਹਿਲਾਂ ਚੌਂਕ ਦੀ ਅਨਾਜ ਮੰਡੀ ਵਿੱਚ ਇਕੱਠੇ ਹੋ ਕੇ ਜਾਬਤੇ ਨਾਲ ਅਤੇ ਰਾਸ਼ਨ ਪਾਣੀ ਤੇ ਲੰਗਰ ਦਾ ਪ੍ਰਬੰਧ ਤੇ ਸੌਣ ਲਈ ਕੱਪੜਿਆਂ ਦਾ ਪ੍ਰਬੰਧ ਪੂਰਾ ਨਾਲ ਲੈ ਕੇ ਰਵਾਨਾ ਹੋਏ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਰਹਿੰਦੀਆਂ ਸਾਰੀਆਂ ਫਸਲਾਂ ਤੇ ਐਮਐਸਪੀ, ਸਮੁੱਚੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਵਾਉਣ ਸਮੇਤ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਲਗਾਤਾਰ ਜਾਰੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਅੰਦੋਲਨ ਦੌਰਾਨ ਪੈਦਾ ਹੋਈਆਂ ਮੰਗਾਂ ਮਨਵਾਉਣ ਲਈ ਪੜਾ ਦਰ ਪੜਾਅ ਕਿਸਾਨ ਮੋਰਚੇ ਵੱਲੋਂ ਲੜਾਈ ਜਾਰੀ ਹੈ ਉਸ ਦੇ ਸੰਬੰਧ ਵਿੱਚ ਕਿਸਾਨ ਮਜ਼ਦੂਰ ਮਹਾਂ ਪੰਚਾਇਤ ਸੱਦੀ ਗਈ ਹੈ। ਇਸ ਮੌਕੇ ਜਸਬੀਰ ਸਿੰਘ ਗੱਗੜਪੁਰ ,ਕਰਮ ਚੰਦ ਪੰਨਵਾਂ, ਗੁਰਚੇਤ ਸਿੰਘ ਭੱਟੀਵਾਲ, ਕੁਲਦੀਪ ਸਿੰਘ ਬਖੋਪੀਰ, ਅਮਨਦੀਪ ਸਿੰਘ ਮਹਿਲਾਂ ਚੌਂਕ, ਬਲਵਿੰਦਰ ਸਿੰਘ ਘਨੌੜ ਸਮੇਤ ਸਾਰੀਆਂ ਪਿੰਡ ਇਕਾਈਆਂ ਦੇ ਪ੍ਰਧਾਨ ਸਕੱਤਰ ਸ਼ਾਮਿਲ ਹੋਏ।