ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਵੱਲੋਂ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.) ਦੇ ਸਹਿਯੋਗ ਨਾਲ਼ ‘ਪਰਵਾਸ ਸੰਬੰਧੀ ਪੰਜਾਬੀ ਸੱਭਿਆਚਾਰ: ਤਾਜ਼ਾ ਰੁਝਾਨ ਅਤੇ ਸਮਾਜਿਕ ਤਾਣੇ ਬਾਣੇ ਉੱਤੇ ਪ੍ਰਭਾਵ’ ਬਾਰੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਈ. ਐੱਮ. ਆਰ. ਸੀ. ਹਾਲ ਵਿੱਚ ਹੋਇਆ ਇਹ ਭਾਸ਼ਣ ਓ.ਪੀ. ਜਿੰਦਲ ਗਲੋਬਲ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਮਾਈਗਰੇਸ਼ਨ ਐਂਡ ਮੋਬਾਈਲਿਟੀ ਸਟੱਡੀਜ਼ ਵਿਖੇ ਡਾਇਰੈਕਟਰ ਵਜੋਂ ਕਾਰਜਸ਼ੀਲ ਫਰੈਂਚ ਮੂਲ ਦੀ ਵਿਦਵਾਨ ਡਾ. ਕ੍ਰਿਸਟੀਨ ਮੌਲੀਨਰ ਵੱਲੋਂ ਦਿੱਤਾ ਗਿਆ।
ਡਾ. ਕ੍ਰਿਸਟੀਨ ਮੌਲੀਨਰ ਨੇ ਆਪਣੇ ਭਾਸ਼ਣ ਵਿੱਚ ਪਰਵਾਸ ਦੇ ਸੰਕਲਪ, ਇਤਿਹਾਸ, ਪ੍ਰਭਾਵਾਂ, ਰੁਝਾਨਾਂ, ਕਾਰਨਾਂ ਆਦਿ ਦੇ ਹਵਾਲੇ ਨਾਲ਼ ਵਿਸਥਾਰ ਵਿੱਚ ਗੱਲ ਕੀਤੀ। ਉਨ੍ਹਾਂ ਪਰਵਾਸ ਬਾਰੇ ਵਿਸ਼ਵ ਪੱਧਰੀ ਪ੍ਰਸੰਗ ਵਿੱਚ ਗੱਲ ਕਰਦਿਆਂ ਮੈਕਸੀਕੋ ਅਤੇ ਹੋਰ ਦੇਸਾਂ ਵਿੱਚੋਂ ਹੁੰਦੇ ਵੱਡੇ ਪੱਧਰ ਦੇ ਪਰਵਾਸ ਸੰਬੰਧੀ ਵੱਖ-ਵੱਖ ਮਾਹਿਰਾਂ ਵੱਲੋਂ ਕੀਤੇ ਅਧਿਐਨਾਂ ਦਾ ਜਿ਼ਕਰ ਕੀਤਾ। ਅਜਿਹੇ ਅਧਿਐਨਾਂ ਨੂੰ ਅਧਾਰ ਬਣਾ ਕੇ ਪੰਜਾਬੀ ਪਰਵਾਸ ਦੀਆਂ ਵਿਲੱਖਣਤਾਵਾਂ ਨੂੰ ਸਮਝਣ ਦਾ ਯਤਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਤੋਂ ਵਿਦੇਸ਼ਾਂ ਵੱਲ ਨੂੰ ਹੋ ਰਹੇ ਪਰਵਾਸ ਦੇ ਆਪਣੇ ਕੁੱਝ ਵਿਲੱਖਣ ਕਿਸਮ ਦੇ ਕਾਰਨ ਹੋ ਸਕਦੇ ਹਨ ਪਰ ਇਸ ਨੂੰ ਵਿਸ਼ਵ ਪੱਧਰ ਦੇ ਪ੍ਰਸੰਗ ਤੋਂ ਬਿਲਕੁਲ ਅਲੱਗ ਰੱਖ ਕੇ ਵੀ ਨਹੀਂ ਸਮਝਿਆ ਜਾ ਸਕਦਾ। ਵੱਖ-ਵੱਖ ਅਧਿਐਨਾਂ ਦੇ ਹਵਾਲੇ ਨਾਲ਼ ਉਨ੍ਹਾਂ ਦੱਸਿਆ ਕਿ ਬਿਹਤਰ ਜੀਵਨ ਸ਼ੈਲੀ ਦੀ ਤਲਾਸ਼, ਰੁਜ਼ਗਾਰ ਅਤੇ ਸਵੈਮਾਣ ਵਾਲ਼ੇ ਜੀਵਨ, ਸੱਭਿਆਚਾਰਕ ਅਜ਼ਾਦੀ ਆਦਿ ਪਰਵਾਸ ਦੇ ਮੁੱਖ ਕਾਰਕ ਹਨ। ਪਰਵਾਸ ਨਾਲ਼ ਪੰਜਾਬੀ ਸਮਾਜਿਕ ਤਾਣੇ ਬਾਣੇ ਉੱਤੇ ਪੈ ਪ੍ਰਭਾਵਾਂ ਬਾਰੇ ਵੀ ਉਨ੍ਹਾਂ ਅਹਿਮ ਟਿੱਪਣੀਆਂ ਕੀਤੀਆਂ।
ਪ੍ਰੋਗਰਾਮ ਵਿੱਚ ਸ਼ਾਮਿਲ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਇਸ ਵਿਸ਼ੇ ਬਾਰੇ ਵੱਖ-ਵੱਖ ਸਵਾਲ ਪੁੱਛ ਕੇ ਡਾ. ਕ੍ਰਿਸਟੀਨ ਨਾਲ਼ ਸੰਵਾਦ ਰਚਾਇਆ ਗਿਆ।
ਪ੍ਰੋਗਰਾਮ ਦਾ ਸੰਚਾਲਨ ਸਮਾਜ ਵਿਗਿਆਨ ਵਿਭਾਗ ਦੇ ਮੁਖੀ ਡਾ. ਦੀਪਕ ਕੁਮਾਰ ਵੱਲੋਂ ਕੀਤਾ ਗਿਆ। ਅੰਤ ਵਿੱਚ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਦੇ ਡਾਇਰੈਕਟਰ ਦਲਜੀਤ ਅਮੀ ਨੇ ਆਪਣੇ ਧੰਨਵਾਦੀ ਭਾਸ਼ਣ ਦੌਰਾਨ ਪੰਜਾਬੀ ਪਰਵਾਸ ਅਤੇ ਇਸ ਦੇ ਕਾਰਨਾਂ ਅਤੇ ਪ੍ਰਭਾਵਾਂ ਦੇ ਹਵਾਲੇ ਨਾਲ਼ ਕੁੱਝ ਨੁਕਤੇ ਸਾਂਝੇ ਕੀਤੇ।