ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਵੱਲੋਂ ‘ਸਿੱਖਿਆ ਵਿੱਚ ਮੂਡਲ ਪਲੇਟਫ਼ਾਰਮ ਦੀ ਵਰਤੋਂ’ ਵਿਸ਼ੇ ਉੱਤੇ ਵਰਕਸ਼ਾਪ ਕਰਵਾਈ ਗਈ। ਇਸ ਵਿਭਾਗ ਵੱਲੋਂ ਇਨ੍ਹੀਂ ਦਿਨੀਂ ਕਰਵਾਈਆਂ ਜਾ ਰਹੀਆਂ ਵੱਖ-ਵੱਖ ਵਰਕਸ਼ਾਪਾਂ ਦੀ ਲੜੀ ਦੇ ਹਿੱਸੇ ਵਜੋਂ ਇਹ ਵਰਕਸ਼ਾਪ ਕਰਵਾਈ ਗਈ।
ਕੰਪਿਊਟਰ ਸਾਇੰਸ ਵਿਭਾਗ ਤੋਂ ਪ੍ਰੋ. ਗੁਰਪ੍ਰੀਤ ਸਿੰਘ ਜੋਸਨ ਨੇ ਇਸ ਵਰਕਸ਼ਾਪ ਵਿੱਚ ਮਾਹਿਰ ਵਜੋਂ ਸਿ਼ਰਕਤ ਕਰਦਿਆਂ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਮੂਡਲ ਵਰਗੇ ਪਲੇਟਫਾਰਮ ਰਾਹੀਂ ਵੱਖ-ਵੱਖ ਅਧਿਆਪਨ-ਸਿਖਲਾਈ ਪ੍ਰਕਿਰਿਆਵਾਂ ਨੂੰ ਸੁਚਾਰੂ ਅਤੇ ਯੋਜਨਾਬੱਧ ਢੰਗ ਨਾਲ ਸੰਗਠਿਤ ਕਰਨ ਅਤੇ ਇਸ ਦੇ ਉਪਯੋਗੀ ਹੋਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਸ ਪਲੇਟਫ਼ਾਰਮ ਰਾਹੀਂ ਵਰਚੁਅਲ ਕਲਾਸਰੂਮ ਬਣਾਉਣ, ਖਾਤੇ ਬਣਾਉਣ, ਅਧਿਐਨ ਸਮੱਗਰੀ ਅੱਪਲੋਡ ਕਰਨ, ਆਡੀਓ ਅਤੇ ਵੀਡੀਓ ਲੈਕਚਰਾਂ ਦੇ ਲਿੰਕ ਅਤੇ ਅੰਦਰੂਨੀ ਮੁਲਾਂਕਣ ਲਈ ਮੂਡਲ ਦੀ ਵਰਤੋਂ ਕਰਨ ਆਦਿ ਬਾਰੇ ਵਿਸਥਾਰ ਵਿੱਚ ਗੱਲ ਕੀਤੀ।
ਸੈਂਟਰ ਦੇ ਡਾਇਰੈਕਟਰ ਪ੍ਰੋ. ਹਰਵਿੰਦਰ ਕੌਰ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਵਿਸ਼ੇ ਦੀ ਪ੍ਰਸੰਗਿਕਤਾ ਬਾਰੇ ਗੱਲ ਕੀਤੀ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਮੂਡਲ ਅੱਜ ਦੇ ਸੰਦਰਭ ਵਿੱਚ ਸਿੱਖਿਆ ਨਾਲ ਸਬੰਧਤ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਜਨਵਰੀ ਤੋਂ ਦਸੰਬਰ ਸੈਸ਼ਨ ਲਈ 8 ਅੰਡਰ ਗਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਦੇ ਦਾਖਲੇ ਚੱਲ ਰਹੇ ਹਨ। ਉਨਹਾਂ ਕਿਹਾ ਕਿ ਆਉਣ ਵਾਲ਼ੇ ਦਿਨਾਂ ਵਿੱਚ ਕੇਂਦਰ ਵੱਲੋਂ ਹੋਰ ਵਰਕਸ਼ਾਪਾਂ ਵੀ ਲਗਾਈਆਂ ਜਾਣਗੀਆਂ।