ਪਟਿਆਲਾ : ਕੁਆਂਟਮ ਫਿਜਿਕਸ ਦੇ ਦੇਸ਼ ਦੇ ਉਘੇ ਵਿਗਿਆਨੀਆਂ ਦੀ ਚੌਥੀ ਰਾਸ਼ਟਰੀ ਵਰਕਸ਼ਾਪ ਨੂੰ ਸੰਬੋਧਤ ਕਰਦੇ ਹੋਏ ਥੀਮ-1 ਦੇ ਰਾਸ਼ਟਰੀ ਕਨਵੀਨਰ ਪ੍ਰੋ. ਅਰਵਿੰਦ ਨੇ ਦੱਸਿਆ ਕਿ ਕੁਆਂਟਮ ਕੰਪਿਊਟਰ ਜਲਦੀ ਬਣਨ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ 300 ਕਰੋੜ ਰੁਪਏ ਦੇ ਇਸ ਵੱਡੇ ਪ੍ਰੋਗਰਾਮ ਦੇ ਥੀਮ-1 ਲਈ ਰਾਸ਼ਟਰੀ ਕਨਵੀਨਰ ਹਨ।
ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੌਜੀ ਵਿਭਾਗ ਨਾਲ ਸੰਬੰਧਤ ਪ੍ਰਾਜੈਕਟ ‘ਕੁਆਂਟਮ ਐਨੇਬਲਡ ਸਾਇੰਸ ਐਂਡ ਟੈਕਨੌਲਜੀ’ ਨੂੰ ‘ਕੁਐਸਟ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਕੂਐਸਟ ਦੇ ਥੀਮ-1 ਤਹਿਤ ਇਹ ਚੌਥੀ ਰਾਸ਼ਟਰੀ ਵਰਕਸ਼ਾਪ ਇੰਡੀਅਨ ਇੰਸਟੀਚੂਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਇਜ਼ਰ), ਮੋਹਾਲੀ ਦੇ ਸਹਿਯੋਗ ਅੱਜ ਏਥੇ ਸ਼ੁਰੂ ਹੋਈ। ‘ਕੁਆਂਟਮ ਇਨਫ਼ਰਮੇਸ਼ਨ ਟੈਕਨੌਲਜੀ ਵਿਦ ਫ਼ੋਟੋਨਿਕ ਡਿਵਾਇਸਜ਼’ ਵਿਸ਼ੇ ਉੱਤੇ ਹੋ ਰਹੀ ਇਹ ਵਰਕਸ਼ਾਪ ਦੋ ਦਿਨ ਚੱਲੇਗੀ। ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਆਈ.ਆਈ. ਐੱਸ. ਸੀ. ਬੰਗਲੌਰ ਤੋਂ ਪੁੱਜੇ ਪ੍ਰਸਿੱਧ ਵਿਗਿਆਨੀ ਪ੍ਰੋ. ਐੱਨ. ਮੁਕੁੰਦਾ ਨੇ ਕੀਤੀ। ਇਸ ਵਿਸ਼ੇ ਵਿੱਚ ਮੌਜੂਦਾ ਸਮੇਂ ਹੋ ਰਹੀ ਖੋਜ ਨੂੰ ਸ਼ੁਰੂਆਤੀ ਦਿਨਾਂ ਨਾਲ ਤੁਲਨਾ ਕਰਦੇ ਹੋਏ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ. ਐੱਨ. ਮੁਕੁੰਦਾ ਨੇ ਕਿਹਾ ਕਿ ਭਾਰਤ ਵਿੱਚ ਹੁਣ ਇਸ ਦਿਸ਼ਾ ਵਿੱਚ ਉੱਚ ਪਏਦਾਰ ਦਾ ਕੰਮ ਹੋ ਰਿਹਾ ਹੈ ਜੋ ਕਿ ਇੱਕ ਚੰਗੀ ਗੱਲ ਹੈ। ਉਨ੍ਹਾਂ ਦੇਸ਼ ਭਰ ਦੀਆਂ ਵੱਡੀਆਂ ਅਤੇ ਕੁੱਝ ਛੋਟੀਆਂ ਥਾਵਾਂ ਦੇ ਵਿਸ਼ੇਸ਼ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਅਜਿਹਾ ਹੋਣਾ ਦੇਸ਼ ਲਈ ਇੱਕ ਸ਼ੁਭ ਸ਼ਗਨ ਹੈ।
ਇਸ ਵਰਕਸ਼ਾਪ ਦੀ ਵਿਸਤ੍ਰਤ ਜਾਣਕਾਰੀ ਦਿੰਦਿਆਂ ਪ੍ਰੋ. ਅਰਵਿੰਦ ਨੇ ਦੱਸਿਆ ਕਿ ‘ਕੁਆਂਟਮ ਐਨੇਬਲਡ ਸਾਇੰਸ ਐਂਡ ਟੈਕਨੌਲਜੀ’ ਭਾਰਤ ਸਰਕਾਰ ਦਾ ਇੱਕ ਅਹਿਮ ਅਤੇ ਵੱਡੇ ਪੱਧਰ ਦਾ ਪ੍ਰੋਗਰਾਮ ਹੈ ਜਿਸ ਵਿੱਚ 51 ਖੋਜ ਪ੍ਰਾਜੈਕਟ ਸ਼ਾਮਿਲ ਹਨ। ਇਹ ਪ੍ਰਾਜੈਕਟ ਚਾਰ ਥੀਮਾਂ ਵਿੱਚ ਸ਼ਰੇਣੀਬੱਧ ਹਨ। ਥੀਮ-1 ਵਿੱਚ 24 ਵੱਖ-ਵੱਖ ਖੋਜ ਪ੍ਰਾਜੈਕਟ ਸ਼ਾਮਿਲ ਹਨ ਜੋ ‘ਕੁਆਂਟਮ ਇਨਫ਼ਰਮੇਸ਼ਨ ਟੈਕਨੌਲਜੀਜ਼ ਵਿਦ ਫ਼ੋਟੋਨਿਕ ਡਿਵਾਇਸਜ਼’ ਉੱਤੇ ਅਧਾਰਿਤ ਹਨ। ਇਸ ਪ੍ਰਾਜੈਕਟ ਬਾਰੇ ਸਰਲ ਸ਼ਬਦਾਂ ਵਿੱਚ ਜਾਣਕਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਨਵੇਂ ਦੌਰ ਵਿੱਚ ਪੈਦਾ ਹੋ ਰਹੇ ਸੰਚਾਰ ਵਿੱਚ ਸੁਰੱਖਿਅਤ ਜਾਂ ਅਸੁਰੱਖਿਅਤ ਹੋਣ ਦੇ ਆਪਣੇ ਮਾਇਨੇ ਹਨ। ਭਵਿੱਖ ਵਿੱਚ ਪ੍ਰਕਾਸ਼ ਦੇ ਪੈਕਟਾਂ ਭਾਵ ਫੋਟੋਨ ਜ਼ਰੀਏ ਹੋਣ ਵਾਲੇ ਕੁਆਂਟਮ ਸੰਚਾਰ ਨੂੰ ਬੈਂਕਿੰਗ ਅਤੇ ਸੈਨਿਕ ਖੇਤਰ ਵਿੱਚ ਹੋਣ ਵਾਲੇ ਸੁਰੱਖਿਅਤ ਕਿਸਮ ਦੇ ਸੰਚਾਰ ਲਈ ਵਰਤਿਆ ਜਾ ਸਕੇਗਾ। ਇਸ ਵਿਸ਼ੇ ਉੱਪਰ ਅਗਲੇਰੇ ਪੱਧਰ ਦੀ ਖੋਜ ਕਰਨ ਲਈ ਇਹ ਪ੍ਰਾਜੈਕਟ ਉਲੀਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਵੇਂ ਸਮੇਂ ਵਿੱਚ ਇੱਕ ਸੰਭਾਵਨਾ ਪੈਦਾ ਹੋ ਰਹੀ ਹੈ ਕਿ ਜਲਦੀ ਹੀ ਕੁਆਂਟਮ ਕੰਪਿਊਟਰ ਬਣ ਜਾਣਗੇ।
ਇਹ ਕੁਆਂਟਮ ਕੰਪਿਊਟਰ ਬਿਲਕੁਲ ਨਵੀਂ ਕਿਸਮ ਦੇ ਕੰਪਿਊਟਰ ਹੁੰਦੇ ਹਨ। ਇਹ ਕੰਪਿਊਟਰ ਬਹੁਤ ਸਾਰੇ ਉਹ ਕੰਮ ਕਰ ਸਕਣ ਦੇ ਸਮਰੱਥ ਹੋਣਗੇ, ਜਿਹੜੇ ਕਿ ਆਮ ਕੰਪਿਊਟਰ ਨਹੀਂ ਕਰ ਪਾਉਂਦੇ; ਪਰ ਇਨ੍ਹਾਂ ਕੰਪਿਊਟਰਾਂ ਰਾਹੀਂ ਹੋਣ ਵਾਲੇ ਸੰਚਾਰ ਨੂੰ ਵਧੇਰੇ ਮਹਿਫੂਜ਼ ਬਣਾਉਣ ਵਾਲੀਆਂ ਵਿਧੀਆਂ ਲੱਭਣ ਉੱਤੇ ਕੰਮ ਹੋ ਰਿਹਾ ਹੈ। ਜਿਵੇਂ ਅਸੀਂ ਕੋਈ ਵੀ ਸੀਕ੍ਰੇਟ ਕਮਿਊਨੀਕੇਸ਼ਨ ਭਾਵ ਗੁਪਤ ਸੰਚਾਰ ਕਰਨਾ ਹੋਵੇ; ਆਪਣਾ ਪਾਸਵਰਡ ਬੈਂਕ ਨੂੰ ਭੇਜਣਾ ਹੋਵੇ; ਜਾਂ ਇਸ ਤੋਂ ਇਲਾਵਾ ਸੈਨਿਕ ਲੋੜਾਂ ਦੀ ਪੂਰਤੀ ਲਈ ਕੋਈ ਗੁਪਤ ਸੰਚਾਰ ਕਰਨਾ ਹੋਵੇ, ਇਸ ਸਭ ਨੂੰ ਮਹਿਫ਼ੂਜ਼ ਬਣਾਈ ਰੱਖਣਾ ਇੱਕ ਚੁਣੌਤੀ ਬਣ ਕੇ ਉੱਭਰ ਸਕਦਾ ਹੈ। ਕੁਆਂਟਮ ਕੰਪਿਊਟਰ ਦੇ ਜ਼ਰੀਏ ਅਜਿਹੇ ਸੰਚਾਰ ਨੂੰ ਤੋੜਿਆ ਜਾ ਸਕਦਾ ਹੋਵੇਗਾ। ਇਸ ਲਈ ਇਸ ਗੱਲ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਅਜਿਹਾ ਸੰਚਾਰ ਵੀ ਆਉਣ ਵਾਲੇ ਦਿਨਾਂ ਵਿੱਚ ਕੁਆਂਟਮ ਵਿਧੀਆਂ ਨਾਲ ਕੀਤਾ ਜਾਵੇ ਜੋ ਕਿ ਤੋੜਿਆ ਨਾ ਜਾ ਸਕੇ। ਇਸ ਨੂੰ ਕੁਆਂਟਮ ਸਕਿਉਰ ਕਮਿਊਨੀਕੇਸ਼ਨ ਆਖਦੇ ਹਨ। ਅਜਿਹੀਆਂ ਚੁਣੌਤੀਆਂ ਅਤੇ ਲੋੜਾਂ ਲਈ ਕੰਮ ਕਰਨ ਵਾਲੇ ਵਿਗਿਆਨ ਨੂੰ ਕੁਆਂਟਮ ਇਨਫ਼ਰਮੇਸ਼ਨ ਵਿਗਿਆਨ ਦਾ ਨਾਮ ਦਿੱਤਾ ਜਾਂਦਾ ਹੈ। ਪਿਛਲੇ 20-25 ਸਾਲਾਂ ਤੋਂ ਦੁਨੀਆਂ ਭਰ ਵਿੱਚ ਇਹ ਕੰਮ ਵੱਡੇ ਪੱਧਰ ਉੱਤੇ ਸ਼ੁਰੂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦੇ ਚਾਰ ਵਰਟੀਕਲ ਹਨ ਜਿਨ੍ਹਾਂ ਵਿੱਚੋਂ ਇੱਕ ਹੈ ਕੁਆਂਟਮ ਕਮਿਊਨੀਕੇਸ਼ਨ ਨੂੰ ਫੋਟੋਨ ਜਾਂ ਪ੍ਰਕਾਸ਼ ਪੈਕਟਾਂ ਦੇ ਜ਼ਰੀਏ ਸੁਰੱਖਿਅਤ ਸੰਚਾਰ ਪੈਦਾ ਕਰਨ ਲਈ ਖੋਜ ਕਰਨੀ। ਇਸ ਸੰਬੰਧ ਵਿੱਚ ਨਵੇਂ ਨੇਮ ਜਾਂ ਨਵੀਂਆਂ ਪ੍ਰੋਟੋਕੌਲ ਬਣਾਉਣੀਆਂ ਹਨ ਜੋ ਕਿ ਬੈਂਕ ਖੇਤਰ ਤੋਂ ਲੈ ਕੇ ਸੈਨਾ ਦੇ ਖੇਤਰ ਤੱਕ ਅਪਣਾਏ ਜਾਣੇ ਹਨ। ਇਸ ਮਕਸਦ ਲਈ ਦੇਸ ਭਰ ਵਿੱਚੋਂ 24 ਵਿਗਿਆਨੀਆਂ ਨੂੰ ਫ਼ੰਡਿੰਗ ਕੀਤੀ ਗਈ ਹੈ। ਇਨ੍ਹਾਂ 24 ਵਿਗਿਆਨੀਆਂ ਦੇ ਕੋਆਰਡੀਨੇਟਰ ਵਜੋਂ ਆਈ.ਈ.ਐੱਸ.ਆਰ. ਮੋਹਾਲੀ ਤੋਂ ਉਨ੍ਹਾਂ ਨੂੰ (ਪ੍ਰੋ. ਅਰਵਿੰਦ ਨੂੰ) ਚੁਣਿਆ ਗਿਆ ਸੀ।
ਉਦਘਾਟਨੀ ਸੈਸ਼ਨ ਦੌਰਾਨ ਆਇਜ਼ਰ ਭੋਪਾਲ (ਮੱਧ ਪ੍ਰਦੇਸ਼) ਤੋਂ ਪ੍ਰੋ. ਸੁਭਾਸ਼ ਚਤੁਰਵੇਦੀ ਨੇ ਵੀ ਆਪਣੇ ਵਿਚਾਰ ਪ੍ਰਗਟਾਏ। ਵਰਕਸ਼ਾਪ ਦੌਰਾਨ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕੁਆਂਟਮ ਭੌਤਿਕ ਵਿਗਿਆਨੀ ਆਪਣੇ ਮਿੱਥੇ ਹੋਏ ਕਾਰਜ ਦੀ ਵੱਖ-ਵੱਖ ਪੱਖਾਂ ਤੋਂ ਪੜਚੋਲ ਕਰ ਰਹੇ ਹਨ ਅਤੇ ਕੰਮ ਨੂੰ ਹੋਰ ਅੱਗੇ ਵਧਾਉਣ ਲਈ ਆਪਸੀ ਵਿਚਾਰ ਸਾਂਝੇ ਕਰ ਰਹੇ ਹਨ। ਪਹਿਲੇ ਦਿਨ ਹੋਏ ਅਕਾਦਮਿਕ ਸੈਸ਼ਨਾਂ ਦੌਰਾਨ ਆਈ. ਆਈ. ਟੀ. ਮਦਰਾਸ (ਤਾਮਿਲਨਾਡੂ) ਤੋਂ ਪ੍ਰੋ. ਬਿਜੋਇ ਕ੍ਰਿਸ਼ਨਾ ਦਾਸ, ਸੀ.ਐੱਸ.ਆਈ. ਆਰ. ਐੱਨ.ਪੀ. ਐੱਲ. ਦਿੱਲੀ ਤੋਂ ਡਾ. ਆਰ. ਪੀ. ਅਲੋਸੀਅਸ, ਸੈੱਟਸ ਚੇਨੱਈ (ਤਾਮਿਲਨਾਡੂ) ਤੋਂ ਡਾ. ਵੀ. ਨਟਰਾਜਨ, ਆਇਜ਼ਰ ਮੋਹਾਲੀ ਤੋਂ ਡਾ. ਮਨਦੀਪ ਸਿੰਘ ਅਤੇ ਆਇਜ਼ਰ ਭੋਪਾਲ (ਮੱਧ ਪ੍ਰਦੇਸ਼) ਤੋਂ ਪ੍ਰੋ. ਸੁਭਾਸ਼ ਚਤੁਰਵੇਦੀ ਨੇ ਆਪਣੇ ਵਿਚਾਰ ਪੇਸ਼ ਕੀਤੇ।