ਰਾਜਸਥਾਨ : ਰਾਜਸਥਾਨ ਦੇ ਅਜਮੇਰ ਵਿੱਚ ਸਾਬਰਮਤੀ ਐਕਸਪ੍ਰੈਸ ਅਤੇ ਮਾਲਗੱਡੀ ਦੇ ਵਿਚਕਾਰ ਭਿਆਨਕ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਤੋਂ ਇਕਦਮ ਭਗਦੜ ਮੱਚ ਗਈ। ਜ਼ਿਕਰਯੋਗ ਹੈ ਕਿ ਸੁਪਰਫ਼ਾਸਟ ਰੇਲ ਗੱਡੀ ਸਾਬਰਮਤੀ-ਆਗਰਾ ਕੈਂਟ ਐਕਸਪ੍ਰੈਸ ਅਤੇ ਮਾਲ ਗੱਡੀ ਦੇ ਵਿਚਕਾਰ ਅਜਮੇਰ ਦੇ ਮਦਾਰ ਰੇਲਵੇ ਸਟੇਸ਼ਨ ਦੇ ਨੇੜੇ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਸਾਬਰਮਤੀ ਆਗਰਾ ਕੈਂਟ ਐਕਸਪ੍ਰੈਸ ਦੇ ਇੰਜਣ ਸਮੇਤ ਚਾਰ ਡਿੱਬੇ ਪੱਟੜੀ ਤੋਂ ਉਤਰ ਗਏ।
ਇਹ ਹਾਦਸਾ ਰਾਤ ਦੇ ਕਰੀਬ 1 ਵਜੇ ਮਦਾਰ ਸਟੇਸ਼ਨ ਦੇ ਨੇੜੇ ਵਾਪਰਿਆ ਜਦੋਂ ਮਾਲ ਗੱਡੀ ਅਤੇ ਸੁਪਰਫ਼ਾਸਟ ਐਕਸਪ੍ਰੈਸ ਇਕੋ ਹੀ ਟਰੈਕ ’ਤੇ ਆਹਮੋ ਸਾਹਮਣੇ ਦੌੜਦੀਆਂ ਹੋਈਆਂ ਆ ਗਈਆਂ। ਲੋਕੋ ਪਾਇਲਟ ਵੱਲੋਂ ਬ੍ਰੈਕ ਲਗਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਸਪੀਡ ਬਹੁਤ ਜ਼ਿਆਦਾ ਹੋਣ ਕਾਰਨ ਹਾਦਸਾ ਵਾਪਰ ਗਿਆ। ਹਾਦਸੇ ਸਮੇਂ ਰੇਲ ਗੱਡੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਯਾਤਰੀ ਸਵਾਰ ਸਨ। ਰੇਲ ਗੱਡੀ ਪੱਟੜੀ ਤੋਂ ਉਤਰ ਕੇ ਬਿਜਲੀ ਦੇ ਖੰਭਿਆਂ ਨਾਲ ਟਕਰਾਉਂਦੀ ਹੋਈ ਬਹੁਤ ਦੂਰ ਤੱਕ ਗਈ।
ਇਸ ਤੋਂ ਬਾਅਦ ਸੂਚਨਾ ਮਿਲਦੇ ਹੀ ਰੇਲਵੇ ਦੇ ਅਧਿਕਾਰੀ ਰਾਹਤ ਕੰਮਾਂ ਲਈ ਮੌੌਕੇ ’ਤੇ ਪਹੁੰਚ ਗਏ। ਹਾਦਸਾ ਬਹੁਤ ਜ਼ਿਆਦਾ ਭਿਆਨਕ ਹੋਣ ਦੇ ਬਾਵਜੂਦ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।