ਰੂਸ : ਰੂਸ ਦੀ ਰਾਜਧਾਨੀ ਮਾਸਕੋ ਨੇੜੇ ਕ੍ਰੋਕਸ ਸਿਟੀ ਹਾਲ ‘ਚ ਇਕ ਸੰਗੀਤ ਸਮਾਰੋਹ ਦੌਰਾਨ ਅੱਤਵਾਦੀ ਹਮਲਾ ਹੋਇਆ। ਇਸ ਹਮਲੇ ‘ਚ 60 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ, ਜਦਕਿ 100 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਗੋਲੀਬਾਰੀ ਤੋਂ ਬਾਅਦ ਹਾਲ ‘ਚ ਧਮਾਕਾ ਹੋਇਆ, ਜਿਸ ਕਾਰਨ ਅੱਗ ਲੱਗ ਗਈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਸਕੋ ਵਿੱਚ ਹੋਏ ਇਸ ਅੱਤਵਾਦੀ ਹਮਲੇ ਦੀ ਆਲੋਚਨਾ ਕੀਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾ ਟਵੀਟਰ) ‘ਤੇ ਪੋਸਟ ਕਰਦੇ ਹੋਏ ਕਿਹਾ, “ਅਸੀਂ ਮਾਸਕੋ ਵਿੱਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ। ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਪੀੜਤ ਪਰਿਵਾਰਾਂ ਦੇ ਨਾਲ ਹਨ। ਭਾਰਤ ਇਸ ਦੁੱਖ ਦੀ ਘੜੀ ਵਿੱਚ ਰੂਸ ਦੇ ਨਾਲ ਇਕਜੁੱਟਤਾ ਨਾਲ ਖੜ੍ਹਾ ਹੈ।” ਦੱਸ ਦੇਈਏ ਕਿ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੰਗੀਤ ਸਮਾਰੋਹ ਦੌਰਾਨ ਤਿੰਨ ਤੋਂ ਚਾਰ ਬੰਦੂਕਧਾਰੀਆਂ ਨੇ ਲੋਕਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ
ਰੂਸੀ ਵਿਦੇਸ਼ ਮੰਤਰਾਲੇ ਨੇ ਇਸ ਹਮਲੇ ਨੂੰ ਅੱਤਵਾਦੀ ਹਮਲਾ ਦੱਸਿਆ ਹੈ। ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਖਾਰੋਵਾ ਨੇ ਹਮਲੇ ਦੀ ਨਿੰਦਾ ਕੀਤੀ ਹੈ। “ਇਹ ਇੱਕ ਅੱਤਵਾਦੀ ਹਮਲਾ ਹੈ। ਉਸਨੇ ਕਿਹਾ “ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਘਿਣਾਉਣੇ ਅਪਰਾਧ ਦੀ ਨਿੰਦਾ ਕਰਨੀ ਚਾਹੀਦੀ ਹੈ”। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਸੁਰੱਖਿਆ ਬਲਾਂ ਦੀ ਵਰਦੀ ‘ਚ ਸੰਗੀਤ ਸਮਾਰੋਹ ‘ਚ ਦਾਖਲ ਹੋਏ ਸਨ।