ਸੁਨਾਮ : ਸੀ.ਪੀ.ਆਈ (ਐੱਮ.ਐੱਲ) ਲਿਬਰੇਸ਼ਨ ਨੇ ਸ਼ਨਿੱਚਰਵਾਰ ਨੂੰ ਸੁਨਾਮ ਦੇ ਗੁਰਦੁਆਰਾ ਸੱਚਖੰਡ ਸਾਹਿਬ ਵਿਖੇ ਵਿਸਥਾਰਿਤ ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ਦੌਰਾਨ ਮੋਦੀ ਦੀ ਫਿਰਕੂ ਫਾਸ਼ੀਵਾਦੀ ਸਰਕਾਰ ਨੂੰ ਹਰਾਉਣ ਦਾ ਸੱਦਾ ਦਿੱਤਾ। ਮਨਜੀਤ ਕੌਰ ਆਲੋਅਰਖ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਗੋਬਿੰਦ ਸਿੰਘ ਛਾਜਲੀ ਤੇ ਹਰਭਗਵਾਨ ਭੀਖੀ ਨੇ ਕਿਹਾ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਦੇਸ਼ ਦੇ ਕੌਮੀ ਸਵੈਮਾਣ ਤੇ ਪ੍ਰਭੂਸੱਤਾ ਨੂੰ ਗਿਰਵੀਂ ਹੀ ਨਹੀਂ ਰੱਖਿਆ ਬਲਕਿ ਦੇਸ਼ ਅੰਦਰ ਆਪਣੇ ਫਿਰਕੂ ਏਜੰਡੇ ਨੂੰ ਤੇਜ਼ੀ ਨਾਲ ਲਾਗੂ ਕਰਦਿਆਂ ਦੇਸ਼ ਦੀ ਧਰਮ ਨਿਰਪੱਖਤਾ ਨੂੰ ਸੱਟ ਮਾਰਕੇ ਦਲਿਤਾਂ,ਘੱਟ ਗਿਣਤੀਆਂ , ਔਰਤਾਂ ਖ਼ਿਲਾਫ਼ ਮਹੌਲ ਸਿਰਜਿਆ ਜਾ ਰਿਹਾ ਹੈ।ਲਿਬਰੇਸ਼ਨ ਆਗੂਆਂ ਨੇ ਕਿਹਾ ਕਿ ਅਜੋਕੇ ਸਮੇਂ ਕਾਰਪੋਰੇਟ ਘਰਾਣਿਆਂ ਤੇ ਫਿਰਕਾਪ੍ਰਸਤੀ ਆਪਸੀ ਸੁਮੇਲ ਰਾਹੀਂ ਦੇਸ਼ ਦੇ ਜਨਤਕ ਅਦਾਰਿਆਂ, ਜ਼ਮੀਨਾਂ ਜਬਰੀ ਐਕਵਾਇਰ ਕੀਤਾ ਜਾ ਰਿਹਾ ਹੈ ਤੇ ਹਰ ਉੱਠਦੀ ਵਿਰੋਧੀ ਆਵਾਜ਼ ਨੂੰ ਜਬਰੀ ਕੁਚਲਿਆ ਜਾ ਰਿਹਾ ਹੈ ਤੇ ਵਿਰੋਧੀ ਧਿਰ ਨੂੰ ਜੇਲੀਂ ਬੰਦ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਲਿਬਰੇਸ਼ਨ ਦੇਸ਼ ਪੱਧਰ ਤੇ ਇੰਡੀਆ ਗਠਜੋੜ ਦਾ ਹਿੱਸਾ ਹੈ ਇਸ ਲਈ ਪਾਰਟੀ ਪੰਜਾਬ ਅੰਦਰ ਭਾਜਪਾ ਤੇ ਉਸ ਦੇ ਸਹਿਯੋਗੀਆਂ ਨੂੰ ਹਰਾਉਣ ਲਈ ਇੰਡੀਆ ਗਠਜੋੜ ਦੇ ਉਮੀਦਵਾਰਾਂ ਦੀ ਮੱਦਦ ਕਰੇਗੀ। ਮੀਟਿੰਗ ਨੂੰ ਉਕਤ ਤੋਂ ਇਲਾਵਾ ਬਿੱਟੂ ਖੋਖਰ, ਧਰਮਪਾਲ ਸੁਨਾਮ, ਘੁਮੰਡ ਖਾਲਸਾ, ਸੁਖਪਾਲ ਕੌਰ ਸ਼ੇਰੋਂ, ਇੰਦਰਜੀਤ ਕੌਰ ਜੇਜੀਆਂ, ਸੰਤੋਸ਼ ਰਾਣੀ,ਮੇਲਾ ਸਿੰਘ ਉਗਰਾਹਾਂ,ਮਨੋਜ ਕੁਮਾਰ ਸੰਗਰੂਰ, ਨਿਰਮਲ ਭੁਟਾਲ,ਪ੍ਰੇਮ ਖੁਡਿਆਲੀ, ਕਿੱਕਰ ਸਿੰਘ ਖਾਲਸਾ,ਮੇਜਰ ਸਿੰਘ ਢੰਡੋਲੀ, ਗੁਰਤੇਜ ਕੌਰ ਭਾਈ ਕੇ ਪਿਸ਼ੌਰ, ਕੁਲਵੰਤ ਛਾਜਲੀ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।