ਯਰੂਸ਼ਲਮ : ਇਜ਼ਰਾਇਲ ਨੇ ਕੋਵਿਡ 19 ਦੇ ਮਾਮਲਿਆਂ ਵਿਚ ਬੇਤਹਾਸ਼ਾ ਵਾਧੇ ਦਾ ਹਵਾਲਾ ਦਿੰਦਿਆਂ ਅਪਣੇ ਨਾਗਰਿਕਾਂ ਦੇ ਭਾਰਤ ਅਤੇ ਛੇ ਹੋਰ ਦੇਸ਼ਾਂ ਦੀ ਯਾਤਰਾ ਕਰਨ ’ਤੇ ਰੋਕ ਲਾ ਦਿਤੀ ਹੈ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਦਫ਼ਤਰ ਅਤੇ ਸਿਹਤ ਮੰਤਰਾਲੇ ਦੇ ਬਿਆਨ ਮੁਤਾਬਕ ਇਜ਼ਰਾਇਲੀ ਨਾਗਰਿਕਾਂ ਨੂੰ ਯੁਕਰੇਨ, ਬ੍ਰਾਜ਼ੀਲ, ਇਥੋਪੀਆ, ਦਖਣੀ ਅਫ਼ਰੀਕਾ, ਭਾਰਤ, ਮੈਕਸਿਕੋ ਅਤੇ ਤੁਰਕੀ ਦੀ ਯਾਤਰਾ ਕਰਨ ਦੀ ਆਗਿਆ ਨਹੀਂ ਦਿਤੀ ਜਾਵੇਗੀ। ਇਹ ਹੁਕਮ ਤਿੰਨ ਮਈ ਤੋਂ ਲਾਗੂ ਹੋਵੇਗਾ ਅਤੇ 16 ਮਈ ਤਕ ਅਸਰਦਾਰ ਰਹੇਗਾ। ਕਿਹਾ ਗਿਆ ਹੈ ਕਿ ਗੈਰ ਇਜ਼ਰਾਇਲੀ ਨਾਗਰਿਕ ਇਨ੍ਹਾਂ ਦੇਸ਼ਾਂ ਦੀ ਯਾਤਰਾ ਕਰ ਸਕਣਗੇ ਬਸ਼ਰਤੇ ਉਨ੍ਹਾਂ ਦੀ ਇਨ੍ਹਾਂ ਦੇਸ਼ਾਂ ਵਿਚ ਸਥਾਈ ਰੂਪ ਵਿਚ ਰਹਿਣ ਦੀ ਯੋਜਨਾ ਹੋਵੇ।