ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਸ੍ਰੀ ਐਨ ਕੇ ਸ਼ਰਮਾ ਨੇ ਐਲਾਨ ਕੀਤਾ ਹੈ ਕਿ ਪ੍ਰਭੂ ਸ੍ਰੀ ਰਾਮ ਦੇ ਨਾਨਕ ਅਸਥਾਨ ਘੜਾਮ ਨੂੰ ਆਸਥਾ ਦੇ ਵੱਡੇ ਕੇਂਦਰ ਵਜੋ਼ ਉਭਾਰਿਆ ਜਾਵੇਗਾ। ਅੱਜ ਇਥੇ ਮਾਤਾ ਕੌਸ਼ਲਿਆ ਜੀ ਮੰਦਿਰ ਘੜਾਮ ਵਿਖੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਅੱਜ ਉਹ ਪ੍ਰਭੁ ਰਾਮ ਜੀ ਤੋਂ ਆਸ਼ੀਰਵਾਦ ਲੈਣ ਵਾਸਤੇ ਘੜਾਮ ਆਏ ਹਨ। ਉਹਨਾਂ ਕਿਹਾ ਕਿ ਇਹ ਹਿੰਦੂ ਭਾਈਚਾਰੇ ਦਾ ਬਹੁਤ ਵੱਡਾ ਤੀਰਥ ਅਸਥਾਨ ਹੈ। ਉਹਨਾਂ ਕਿਹਾ ਕਿ ਇਥੇ ਮਾਤਾ ਕੁਸ਼ਲਿਆ ਜੀ ਦੇ ਪੇਕੇ ਹਨ ਅਤੇ ਦਸ਼ਰਥ ਜੀ ਦੀ ਬਰਾਤ ਇਥੇ ਆਈ ਸੀ।
ਉਹਨਾਂ ਕਿਹਾ ਕਿ ਬਹੁਤ ਅਫਸੋਸ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਮੁੱਖ ਮੰਤਰੀ ਰਹੇ ਅਤੇ ਪ੍ਰਨੀਤ ਕੌਰ ਚਾਰ ਵਾਰ ਐਮ ਪੀ ਰਹੇ ਅਤੇ ਹੁਣ ਪ੍ਰਭੂ ਰਾਮ ਦੇ ਨਾਂ ’ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ ਪਰ ਹਿੰਦੋਸਤਾਨ ਦੇ ਇੰਨੇ ਵੱਡੇ ਅਸਥਾਨ ਨੂੰ ਉਹਨਾਂ ਅਣਡਿੱਠ ਕੀਤਾ ਜੋ ਕਿ ਅਯੁੱਧਿਆ ਵਾਂਗੂ ਬਹੁਤ ਵੱਡਾ ਅਸਥਾਨ ਹੈ। ਉਹਨਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਜੀ ਕ੍ਰਿਪਾ ਕਰਨਗੇ ਤਾਂ ਅਸੀਂ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਇਸ ਅਸਥਾਨ ਨੂੰ ਕੌਮਾਂਤਰੀ ਪੱਧਰ ’ਤੇ ਆਸਥਾ ਦੇ ਵੱਡੇ ਕੇਂਦਰ ਵਜੋਂ ਉਭਾਰਾਂਗੇ। ਉਹਨਾਂ ਕਿਹਾ ਕਿ ਬਾਦਲ ਸਾਹਿਬ ਨੇ ਲਵ ਕੁਸ਼ ਜੀ ਦੇ ਅਸਥਾਨ ਦੀ ਯਾਦਗਾਰ ਉਸਾਰੀ, ਗੁਰੂ ਰਵੀਦਾਸ ਜੀ ਦੇ ਅਸਥਾਨ ਖੁਰਾਲਗੜ੍ਹ ਦੇ ਸਥਾਨ ਵਾਸਤੇ ਪ੍ਰਾਜੈਕਟ ਬਣਾਇਆ ਤੇ ਹੋਰ ਅਨੇਕਾਂ ਯਾਦਗਾਰਾਂ ਦੀ ਉਸਾਰੀ ਕਰਵਾਈ। ਉਹਨਾਂ ਕਿਹਾ ਕਿ ਪਰਮਾਤਮਾ ਬਖਸ਼ਿਸ਼ ਕਰੇਗਾ ਤਾਂ ਅਸੀਂ 400 ਕਰੋੜ ਰੁਪਏ ਇਸ ਅਸਥਾਨ ’ਤੇ ਲਗਾ ਕੇ ਇਸਨੂੰ ਵੱਡੇ ਆਸਥਾ ਦੇ ਕੇਂਦਰ ਵਜੋਂ ਉਭਾਰਾਂਗੇ। ਇਸ ਭਗਵਾਨ ਸ਼ਿਵ ਸ਼ੰਕਰ ਵੀ ਆਏ ਸਨ। ਉਹਨਾਂ ਕਿਹਾ ਕਿ ਅਸੀਂ ਹਿੰਮਤ ਕਰ ਕੇ ਇਸ ਪਾਵਨ ਪਵਿੱਤਰ ਅਸਥਾਨ ਨੂੰ ਤਿਆਰ ਕਰਾਵਾਂਗੇ।