ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਐਨ ਕੇ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਹੈ ਕਿ ਉਹ ਅੱਜ ਅਚਨਚੇਤ ਪਏ ਮੀਂਹ ਤੇ ਹੋਈ ਗੜ੍ਹੇਮਾਰੀ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਲਈ ਉਹਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣ।
ਅੱਜ ਅਚਨਚੇਤ ਪਏ ਮੀਂਹ ਤੇ ਹੋਈ ਗੜ੍ਹੇਮਾਰੀ ਤੋਂ ਬਾਅਦ ਖੇਤਾਂ ਦਾ ਜਾਇਜ਼ਾ ਲੈਂਦਿਆਂ ਐਨ ਕੇ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਮੀਂਹ ਤੇ ਗੜ੍ਹੇਮਾਰੀ ਹੋਣ ਦੇ ਹਾਲਾਤ ਵਿਚ ਕਿਸਾਨਾਂ ਨੂੰ 20-20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਗਿਰਦਾਵਰੀ ਹੋਣ ਤੋਂ ਪਹਿਲਾਂ ਹੀ ਦੇ ਦਿੱਤਾ ਜਾਵੇਗਾ ਤੇ ਮੀਂਹ ਕਾਰਨ ਪਸ਼ੂਆਂ ਦੇ ਹੋਏ ਨੁਕਸਾਨ ਦੇ ਨਾਲ-ਨਾਲ ਮਰੀਆਂ ਮੁਰਗੀਆਂ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ ਪਰ ਉਹਨਾਂ ਦੇ ਦਾਅਵੇ ਸਿਰਫ ਜੁਮਲੇ ਹੀ ਸਾਬਤ ਹੋਏ ਤੇ ਕਿਸਾਨਾਂ ਨੂੰ ਪਿਛਲੇ ਦੋ ਸਾਲਾਂ ਵਿਚ ਮੀਂਹ ਤੇ ਗੜ੍ਹੇਮਾਰੀ ਕਾਰਨ ਹੋਏ ਨੁਕਸਾਨ ਦਾ ਇਕ ਰੁਪਿਆ ਵੀ ਮੁਆਵਜ਼ਾ ਨਹੀਂ ਮਿਲਿਆ।
ਐਨ ਕੇ ਸ਼ਰਮਾ ਨੇ ਕਿਹਾ ਕਿ ਹੁਣ ਇਸ ਵੇਲੇ ਵਾਢੀ ਸਿਖ਼ਰ ’ਤੇ ਹੈ ਤੇ ਅੱਜ ਪਏ ਮੀਂਹ ਤੇ ਹੋਈ ਗੜ੍ਹੇਮਾਰੀ ਦੇ ਕਾਰਨ ਜਿਥੇ ਖੇਤਾਂ ਵਿਚ ਪੱਕੀ ਹੋਈ ਫਸਲ ਤਬਾਹ ਹੋਈ ਹੈ, ਉਥੇ ਹੀ ਕਿਸਾਨਾਂ ਦੀ ਮੰਡੀ ਵਿਚ ਪਈ ਫਸਲ ਵੀ ਬਰਬਾਦ ਹੋ ਗਈ ਹੈ ਕਿਉਂਕਿ ਮੰਡੀ ਵਿਚ ਫਸਲ ਨੂੰ ਮੌਸਮ ਦੀ ਕੋਰੋਪੀ ਤੋਂ ਬਚਾਉਣ ਵਾਸਤੇ ਕੋਈ ਪ੍ਰਬੰਧ ਨਹੀਂ ਹੈ।
ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਜੁਮਲੇਬਾਜ਼ੀ ਛੱਡ ਕੇ ਪੰਜਾਬ ਦੇ ਕਿਸਾਨਾਂ ਲਈ ਕੰਮ ਕਰਨਾ ਸ਼ੁਰੂ ਕਰਨ ਅਤੇ ਕਿਸਾਨਾਂ ਨੂੰ ਤੁਰੰਤ 50-50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਉਹਨਾਂ ਦੇ ਫਸਲੀ ਨੁਕਸਾਨ ਦਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਚੋਣ ਅਮਲ ਨੂੰ ਵਿਚ ਛੱਡ ਕੇ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ ਜਿਹਨਾਂ ਦਾ ਅੱਜ ਬੇਮੌਸਮੀ ਬਰਸਾਤ ਤੇ ਗੜ੍ਹੇਮਾਰੀ ਕਾਰਨ ਵੱਡਾ ਨੁਕਸਾਨ ਹੋਇਆ ਹੈ ਤੇ ਜੇਕਰ ਉਹਨਾਂ ਅਜਿਹਾ ਨਾ ਕੀਤਾ ਤਾਂ ਕਿਸਾਨ ਤੇ ਸਮੂਹ ਪੰਜਾਬੀ ਉਹਨਾਂ ਨੂੰ ਕਦੇ ਮੁਆਫ ਨਹੀਂ ਕਰਨਗੇ।