ਮਾਲੇਰਕੋਟਲਾ : ਅੱਜ ਜਨਤਕ ਜਥੇਬੰਦੀਆਂ ਦਾ ਇੱਕ ਵਫਦ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਛੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਡੀਐਸਪੀ ਮਾਲੇਰਕੋਟਲਾ ਨੂੰ ਮਿਲਿਆ। ਜਿੱਥੇ ਜਥੇਬੰਦੀਆਂ ਦੇ ਆਗੂਆਂ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਨੂੰ ਦੋ ਦਿਨ ਦਾ ਅਲਟੀਮੇਟਮ ਦਿੱਤਾ ਗਿਆ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਾਉਣ ਅਤੇ ਬਣਦੀ ਸਜ਼ਾ ਦਵਾਉਣ ਤੱਕ ਪਰਿਵਾਰ ਨਾਲ ਡਟ ਕੇ ਖੜਨ ਦਾ ਭਰੋਸਾ ਦਿੱਤਾ। ਆਗੂਆਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਸਾਡੇ ਸਮਾਜ ਵਿਚ ਔਰਤ ਵਿਰੋਧੀ ਮਾਨਸਿਕਤਾ ਅਤੇ ਸਾਮਰਾਜੀ ਖਪਤਵਾਦੀ ਸਭਿਆਚਾਰ ਦਾ ਪ੍ਰਗਟਾਵਾ ਹਨ ਜੋਕਿ ਔਰਤ ਨੂੰ ਸਿਰਫ ਭੋਗੀ ਜਾਣ ਵਾਲੀ ਵਸਤੂ ਦੇ ਤੌਰ ਤੇ ਪੇਸ਼ ਕਰਦਾ ਹੈ। ਆਗੂਆਂ ਨੇ ਅਜਿਹੀ ਔਰਤ ਵਿਰੋਧੀ ਮਾਨਸਿਕਤਾ ਅਤੇ ਲੋਕ ਦੋਖੀ ਪ੍ਰਬੰਧ ਖਿਲਾਫ ਲਾਮਬੰਦੀ ਦਾ ਸੱਦਾ ਦਿੱਤਾ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਕਮਲਦੀਪ ਕੌਰ , ਰੁਕਸਾਨਾ, ਕਿਰਤੀ ਕਿਸਾਨ ਯੂਨੀਅਨ ਦੇ ਜਿ਼ਲ੍ਹਾ ਆਗੂ ਰੁਪਿੰਦਰ ਸਿੰਘ ਚੌਂਦਾ, ਚਮਕੌਰ ਸਿੰਘ ਹਥਨ, ਮਾਨ ਸਿੰਘ ਸੱਦੋਪੁਰ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ, ਜਗਤਾਰ ਸਿੰਘ ਤੋਲ਼ੇਵਾਲ, ਇਸਤਰੀ ਜਾਗ੍ਰਤੀ ਮੰਚ ਦੇ ਸੂਬਾ ਸਕੱਤਰ ਅਮਨਦੀਪ ਕੌਰ ਦਿਓਲ, ਨੌਜਵਾਨ ਭਾਰਤ ਸਭਾ ਦੇ ਜਗਦੇਵ ਸਿੰਘ ਚੌਂਦਾ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਵਿਕਰਮ ਸਿੰਘ ਆਦਿ ਨੇ ਐਲਾਨ ਕੀਤਾ ਗਿਆ ਕਿ ਜੇਕਰ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਅਤੇ ਇਸ ਮਾਮਲੇ ਵਿੱਚ ਕਥਿਤ ਸਹਿ ਦੋਸ਼ੀ ਸਕੂਲ ਮੈਨੇਜਮੈਂਟ ਜਿਸ ਦੀ ਨੱਕ ਹੇਠ ਇਹ ਸਭ ਕੁਝ ਵਾਪਰਿਆ ਉੱਪਰ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਜਲਦੀ ਹੀ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਜੇਕਰ ਦੋ ਦਿਨ ਅੰਦਰ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਾਂ ਦੀ ਦਿਨ ਬਾਅਦ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਮੌਕੇ ਪੀੜਿਤਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।