ਮਾਲੇਰਕੋਟਲਾ : ਅੱਜ ਜਨਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਹਫਤੇ ਮਾਲੇਰਕੋਟਲਾ ਅੰਦਰ ਨਾਬਾਲਗ ਲੜਕੀ ਨਾਲ ਹੋਏ ਕਥਿਤ ਬਲਾਤਕਾਰ ਦਾ ਕਥਿਤ ਦੋਸ਼ੀ ਬੀਤੇ ਕੱਲ੍ਹ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਕਾਰਨ ਮੰਗਲਵਾਰ ਨੂੰ ਹੋਣ ਵਾਲਾ ਰੋਸ ਪ੍ਰਦਰਸ਼ਨ ਮੁਲਤਵੀ ਕੀਤਾ ਗਿਆ ਹੈ। ਅਜਿਹੀਆਂ ਘਟਨਾਵਾਂ ਸਾਡੇ ਸਮਾਜ ਅੰਦਰ ਲਗਾਤਾਰ ਵਾਪਰ ਰਹੀਆਂ ਹਨ ਜੋ ਕਿ ਸਾਡੇ ਲੜਕੀਆਂ ਦੀ ਸੁਰੱਖਿਆ ਉੱਪਰ ਵੱਡੇ ਸਵਾਲ ਖੜ੍ਹੇ ਕਰਦੀਆਂ ਹਨ ਅਤੇ ਸਮਾਜ ਅੰਦਰ ਜੋ ਜਗੀਰੂ ਮਾਨਸਿਕਤਾ ਅਤੇ ਸਾਮਰਾਜਵਾਦੀ ਖਪਤਵਾਦੀ ਸਭਿਆਚਾਰ ਦਾ ਪ੍ਰਭਾਵ ਹੈ ਜੋਕਿ ਔਰਤ ਨੂੰ ਇੱਕ ਭੋਗਣ ਵਾਲੀ ਕਿਸੇ ਵਸਤੂ ਦੇ ਰੂਪ ਚ ਪੇਸ਼ ਕਰਦਾ ਹੈ ਨਾਕਿ ਇੱਕ ਮਨੁੱਖ ਦੇ ਰੂਪ ਚ ਅਜਿਹੇ ਮਾਹੌਲ ਅਤੇ ਪ੍ਰਬੰਧ ਨੂੰ ਬਦਲਣ ਦੀ ਲੋੜ ਹੈ ਤਾਂ ਜੋ ਸਾਡੇ ਇਤਿਹਾਸ ਅੰਦਰ ਏਨੀ ਜੱਦੋ ਜਹਿਦ ਦੇ ਬਾਅਦ ਜੋ ਲੜਕੀਆਂ ਨੂੰ ਕੁਝ ਅਧਿਕਾਰ ਮਿਲੇ ਹਨ ਜਿਹਨਾਂ ਵਿਚ ਸਿੱਖਿਅਤ ਹੋਣ ਦਾ ਅਧਿਕਾਰ ਪ੍ਰਮੁੱਖ ਹੈ, ਬਰਕਰਾਰ ਰੱਖੇ ਜਾ ਸਕਣ। ਇਸ ਮੌਕੇ ਸ਼ਾਮਲ ਜਥੇਬੰਦੀਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਕਮਲਦੀਪ ਕੌਰ, ਰੁਕਸਾਨਾ, ਕਿਰਤੀ ਕਿਸਾਨ ਯੂਨੀਅਨ ਦੇ ਰੁਪਿੰਦਰ ਸਿੰਘ ਚੌਂਦਾ, ਚਮਕੌਰ ਸਿੰਘ ਹਥਨ, ਮਾਨ ਸਿੰਘ ਸੱਦੋਪੁਰ, ਇਸਤਰੀ ਜਾਗ੍ਰਿਤੀ ਮੰਚ ਦੇ ਅਮਨਦੀਪ ਕੌਰ ਦਿਓਲ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਿੱਕਰ ਸਿੰਘ, ਜਗਤਾਰ ਸਿੰਘ ਤੋਲੇਵਾਲ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਵਿਕਰਮ ਸਿੰਘ, ਨੌਜਵਾਨ ਭਾਰਤ ਸਭਾ ਦੇ ਅੰਮ੍ਰਿਤਪਾਲ ਸਿੰਘ, ਜੱਗੀ ਚੌਂਦਾ ਆਦਿ ਆਗੂਆਂ ਨੇ ਵਿੱਦਿਅਕ ਸੰਸਥਾਵਾਂ ਅੰਦਰ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ ਨਾਲ ਫਾਸਟ ਟਰੈਕ ਅਦਾਲਤ ਰਹੀ ਮੁੱਕਦਮਾ ਚਲਾ ਦੋਸ਼ੀ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ ਅਤੇ ਪੀੜਤ ਲੜਕੀ ਨੂੰ ਇਨਸਾਫ਼ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ। ਇਸਦੇ ਨਾਲ ਹੀ ਬੀਤੇ ਕੱਲ੍ਹ ਨਕੋਦਰ ਵਿਖੇ ਵਾਪਰੀ ਨਾਬਾਲਗ ਲੜਕੀ ਨਾਲ ਕਥਿਤ ਗੈਂਗਰੇਪ ਦੀ ਘਟਨਾ ਦੀ ਨਿਖੇਧੀ ਕਰਦਿਆਂ ਇਸਦੇ ਖਿਲਾਫ਼ ਡਟਣ ਦਾ ਸੱਦਾ ਦਿੱਤਾ।