ਬਰਨਾਲਾ : ਪੰਜਾਬ ਸਰਕਾਰ ਨੇ ਹਾਲੇ ਤਾਂ ਮਿਨੀ ਲਾਕਡਾਉਣ ਲਾਇਆ ਹੈ ਅਤੇ ਇਸੇ ਕਾਰਨ ਕਾਰੋਬਾਰੀਆਂ ਵਿਚ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। ਇਥੇ ਦਸ ਦਈਏ ਕਿ ਇਕ ਪਾਸੇ ਤਾਂ ਸਰਕਾਰ ਕੋਰੋਨਾ ਦੇ ਵੱਧ ਰਹੇ ਕਹਿਰ ਕਾਰਨ ਤਾਲਾਬੰਦੀ ਲਾਉਣ ਲਈ ਮਜਬੂਰ ਹੈ ਅਤੇ ਦੂਜੇ ਪਾਸੇ ਕਾਰੋਬਾਰ ਕਰਨ ਵਾਲੇ ਵੀ ਔਖੇ ਹੋਏ ਪਏ ਹਨ। ਇਸੇ ਲੜੀ ਵਿਚ ਬਰਨਾਲਾ ਇਲਾਕੇ ਦੇ ਵਪਾਰੀਆਂ ਨੇ ਵਪਾਰ ਮੰਡਲ ਅਤੇ ਵੱਖ -ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੀ ਅਗਵਾਈ ਹੇਠ ਧਰਨਾ ਲਾ ਦਿੱਤਾ। ਵਪਾਰੀ ਮੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਕਿਉ ਕਿ ਉਨ੍ਹਾਂ ਨੇ ਵੀ ਕਮਾਈ ਕਰ ਕੇ ਰੋਟੀ ਖਾਣੀ ਹੈ। ਇਸ ਮੌਕੇ ਪੁਲਿਸ ਨੇ ਵੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ ਅਤੇ ਭਾਰੀ ਪੁਲਿਸ ਫੋਰਸ ਮੌਕੇ ਤੇ ਮੌਜੂਦ ਸਨ ਅਤੇ ਦੋਹਾਂ ਪੱਖਾਂ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਸੀ।
ਇਸ ਮੌਕੇ ਵਪਾਰੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਵੱਡੇ-ਵੱਡੇ ਮਾਲ ਸੁਪਰ ਸਟੋਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ' ਉੱਥੇ ਸਿਰਫ਼ ਕਰਿਆਨੇ ਦਾ ਸਾਮਾਨ ਹੀ ਨਹੀਂ ਵਿਕਦਾ ਸਗੋਂ ਮਨਿਆਰੀ ਤੋਂ ਲੈ ਕੇ ਕੱਪੜੇ ਤਕ ਸਾਰਾ ਸਾਮਾਨ ਵਿਕਦਾ ਹੈ ਫਿਰ ਸਾਡੀ ਦੁਕਾਨਦਾਰੀ ਤੇ ਕਿਉਂ ਲੱਤ ਮਾਰੀ ਗਈ ਹੈ। ਉਨ੍ਹਾਂ ਕਿਹਾ ਜੇਕਰ ਡਿਪਟੀ ਕਮਿਸ਼ਨਰ ਬਰਨਾਲਾ ਇੱਕ ਘੰਟੇ ਦੇ ਅੰਦਰ-ਅੰਦਰ ਧਰਨੇ ਵਾਲੀ ਥਾਂ ਤੇ ਆ ਕੇ ਵਪਾਰੀਆਂ ਨੂੰ ਮੰਗ ਪੱਤਰ ਲੈਣ ਤੇ ਸਾਡੀਆਂ ਮੰਗਾਂ ਮੰਨਣ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਅਸੀਂ ਰਲ ਕੇ ਆਪਣੀਆਂ ਦੁਕਾਨਾਂ ਖੋਲ੍ਹਾਂਗੇ ਅਤੇ ਸਾਡੇ ਤੇ ਜੋ ਕਾਰਵਾਈ ਪ੍ਰਸ਼ਾਸਨ ਨੇ ਕਰਨੀ ਹੈ ਕਰ ਲਵੇ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ।