ਮਾਲੇਰਕੋਟਲਾ : ਪੰਜਾਬ ਵਕਫ਼ ਬੋਰਡ ਦੇ ਸਹਿਯੋਗ ਨਾਲ ਇੱਥੋਂ ਦੀ ਜਾਮਾ ਮਸਜਿਦ ਮਾਲੇਰਕੋਟਲਾ ਵਿਖੇ ਬੀਤੇ ਤਿੰਨ ਸਾਲਾਂ ਤੋਂ ਚੱਲ ਰਹੀ ਫਾਤਮਾ ਅਲ ਫਹਰੀ ਲਾਇਬਰੇਰੀ ਨੂੰ ਹੋਰ ਜਿਆਦਾ ਉਪਯੋਗੀ ਬਣਾਉਣ ਦੇ ਉਦੇਸ਼ ਨੂੰ ਲੈ ਕੇ ਅੱਜ ਇਸਲਾਮੀਆ ਗਰਲਜ਼ ਕਾਲਜ ਦੀ ਪ੍ਰਿੰਸੀਪਲ ਡਾਕਟਰ ਰਾਹਿਲਾ ਖਾਨ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ l ਇਸ ਮੌਕੇ ਤੇ ਇਸਲਾਮੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਲੇਰਕੋਟਲਾ ਦੀਆਂ ਬਾਰਵੀਂ ਜਮਾਤ ਦੀਆਂ ਸੈਂਕੜੇ ਵਿਦਿਆਰਥਣਾ ਵੀ ਮੌਜੂਦ ਸਨ l ਜਾਮਾ ਮਸਜਿਦ ਦੀ ਪ੍ਰਬੰਧਕੀ ਕਮੇਟੀ ਦੇ ਸਕੱਤਰ ਡਾਕਟਰ ਮੁਹੰਮਦ ਰਮਜ਼ਾਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਬੰਧਕੀ ਕਮੇਟੀ ਸ਼ੁਰੂ ਤੋਂ ਹੀ ਇਸ ਦਿਸ਼ਾ ਵਿੱਚ ਯਤਨਸ਼ੀਲ ਰਹੀ ਕਿ ਇਸ ਲਾਇਬਰੇਰੀ ਨੂੰ ਵਿਦਿਆਰਥਣਾ ਲਈ ਵੱਧ ਤੋਂ ਵੱਧ ਉਪਯੋਗੀ ਬਣਾਇਆ ਜਾਵੇ ਤਾਂ ਕਿ ਮਲੇਰਕੋਟਲਾ ਸ਼ਹਿਰ ਦੀਆਂ ਵਿਦਿਆਰਥਣਾ ਇੱਥੇ ਆ ਕੇ ਰੁਜ਼ਗਾਰ ਪ੍ਰਾਪਤੀ ਜਾਂ ਉੱਚ ਸਿੱਖਿਆ ਪ੍ਰਾਪਤੀ ਲਈ ਦਾਖਲਾ ਲੈਣ ਲਈ ਤਿਆਰੀ ਕਰ ਸਕਣ l ਇਸ ਲਾਈਬ੍ਰੇਰੀ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਮਿਆਰੀ ਕਿਤਾਬਾਂ ਮੌਜੂਦ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਦੀ ਜਰੂਰਤ ਦੇ ਅਨੁਸਾਰ ਹੋਰ ਕਿਤਾਬਾਂ ਵੀ ਮੁਹਈਆ ਕਰਵਾਈਆਂ ਜਾਣਗੀਆਂ l ਸਮੇਂ ਸਮੇਂ ਤੇ ਵੱਖ ਵੱਖ ਵਿਸ਼ਾ ਮਾਹਿਰਾਂ ਨੂੰ ਲਾਇਬਰੇਰੀ ਵਿੱਚ ਬੁਲਾ ਕੇ ਵਿਦਿਆਰਥੀਆਂ ਦੇ ਵਿਸ਼ੇ ਸਬੰਧੀ ਸ਼ੰਕੇ ਦੂਰ ਕੀਤੇ ਜਾਂਦੇ ਹਨ l ਮੁੱਖ ਮਹਿਮਾਨ ਡਾਕਟਰ ਰਾਹਿਲਾ ਖਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਧੁਨਿਕ ਯੁੱਗ ਮੁਕਾਬਲੇ ਦਾ ਯੁੱਗ ਹੈ l ਹੁਣ ਕੇਵਲ ਉਹ ਲੋਕ ਹੀ ਪ੍ਰਗਤੀ ਕਰ ਸਕਣਗੇ ਜੋ ਸਮੇਂ ਦੇ ਹਾਣੀ ਹੋਣਗੇ ਅਤੇ ਆਪਣੀ ਜ਼ਿੰਦਗੀ ਦੇ ਉਦੇਸ਼ ਦੀ ਪ੍ਰਾਪਤੀ ਦੇ ਲਈ ਹਰ ਪੱਖੋਂ ਤਿਆਰ ਹੋਣਗੇ l ਉਹਨਾ ਵਿਦਿਆਰਥਣਾ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਆਪਣੇ ਜੀਵਨ ਦੇ ਟੀਚਿਆਂ ਦੀ ਪ੍ਰਾਪਤੀ ਲਈ ਇੱਕ ਯੋਜਨਾ ਬਣਾ ਕੇ ਸਖਤ ਮਿਹਨਤ ਕਰਨ ਤਾਂ ਕਿ ਉਹ ਸਫਲਤਾ ਪ੍ਰਾਪਤ ਕਰ ਸਕਣ l ਉਹਨਾ ਪ੍ਰਬੰਧਕੀ ਕਮੇਟੀ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਫਾਤਮਾ ਅਲ ਫਹਰੀ ਲਾਇਬਰੇਰੀ ਵਿਦਿਆਰਥਣਾ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋ ਰਹੀ ਹੈ l ਇਥੋਂ ਤਿਆਰੀ ਕਰਕੇ ਬਹੁਤ ਸਾਰੇ ਸਾਰੀਆਂ ਵਿਦਿਆਰਥਣਾ ਰੋਜ਼ਗਾਰ ਪ੍ਰਾਪਤ ਕਰਨ ਵਿੱਚ ਸਫਲ ਹੋ ਸਕੀਆਂ ਹਨ ਅਤੇ ਭਵਿੱਖ ਵਿੱਚ ਵੀ ਇਹ ਸਿਲਸਿਲਾ ਜਾਰੀ ਰਹੇਗਾ l ਇਸ ਮੌਕੇ ਤੇ ਜਾਮਾ ਮਸਜਿਦ ਦੀ ਪ੍ਰਬੰਧਕੀ ਕਮੇਟੀ ਦੇ ਸੰਯੁਕਤ ਸਕੱਤਰ ਸ੍ਰੀ ਅਬਦੁਲ ਵਹੀਦ ਅਤੇ ਜਹੂਰ ਅਹਿਮਦ ਚੌਹਾਨ ਵੀ ਹਾਜ਼ਰ ਸਨ l