ਪਟਿਆਲਾ : ਪੰਜਾਬ ਦੇ ਬਹਾਵਰਪੁਰ ਸਮਾਜ ਨੇ ਪਟਿਆਲਾ ਵਿਖੇ ਇੱਕ ਵੱਡਾ ਇਕੱਠ ਕਰ ਕੇ ਉੱਘੇ ਸਮਾਜ ਸੇਵੀ ਕੁੰਦਨ ਗੋਗੀਆ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਸਮਾਜ ਨੇ ਆਪਣਾ ਸਿਆਸੀ ਵਿੰਗ ਦਾ ਗਠਨ ਕਰਦਿਆਂ ਕੁੰਦਨ ਗੋਗੀਆ ਨੂੰ ਸੂਬਾ ਪ੍ਰਧਾਨ ਥਾਪਿਆ ਗਿਆ ਹੈ। ਇਹ ਜ਼ਿੰਮੇਵਾਰੀ ਮਿਲਣ 'ਤੇ ਗੋਗੀਆ ਨੇ ਸਮੁੱਚੇ ਸਮਾਜ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ। ਸਥਾਨਕ ਇੱਕ ਨਿੱਜੀ ਪੈਲੇਸ 'ਚ ਵੱਡੀ ਗਿਣਤੀ 'ਚ ਇਕੱਠੇ ਹੋਏ ਬਹਾਵਲਪੁਰ ਭਾਈਚਾਰੇ ਨੇ ਕੁੰਦਨ ਗੋਗੀਆ ਨੂੰ ਸਰਬਸੰਮਤੀ ਨਾਲ ਸਿਆਸੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਹਾਜ਼ਰ ਸਮੂਹ ਆਗੂਆਂ ਨੇ ਬਹਾਵਲਪੁਰੀ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਾਏ ਤੇ ਕੁੰਦਨ ਗੋਗੀਆ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ। ਬਹਾਵਲਪੁਰ ਭਾਈਚਾਰੇ ਨੇ ਕਿਹਾ ਕਿ ਭਾਈਚਾਰੇ ਨੂੰ ਅੱਜ ਤਕ ਅਣਗੌਲਿਆ ਕੀਤਾ ਗਿਆ ਹੈ, ਵੱਡਾ ਵੋਟ ਬੈਂਕ ਹੋਣ ਦੇ ਬਾਵਜੂਦ ਕਿਸੇ ਵੀ ਸਿਆਸੀ ਪਾਰਟੀ ਨੇ ਬਹਾਵਲਪੁਰ ਭਾਈਚਾਰੇ ਨੂੰ ਉਸ ਦਾ ਬਣਦਾ ਹੱਕ ਨਹੀਂ ਦਿੱਤਾ। ਪਟਿਆਲਾ ਬਹਾਵਲਪੁਰ ਫੈੱਡਰੇਸ਼ਨ ਦੇ ਪ੍ਰਧਾਨ ਰਾਮ ਚੰਦ ਰਾਮਾਂ, ਯਸ਼ਪਾਲ ਕੱਕੜ, ਚਿੰਟੂ ਕੱਕੜ ਨੇ ਕਿਹਾ ਕਿ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਬਹਾਵਲਪੁਰ ਭਾਈਚਾਰੇ ਦੇ ਵਰਕਰਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਜਾਂ ਅਹੁਦੇ ਨਹੀਂ ਦਿੱਤੇ ਗਏ। ਅੱਜ ਸਾਡਾ ਸਮਾਜ ਇੰਨਾ ਸਮਰੱਥ ਹੈ ਕਿ ਇਹ ਆਪਣੇ ਹੱਕਾਂ ਲਈ ਆਪਣੇ ਬਲਬੂਤੇ 'ਤੇ ਲੜ ਸਕਦਾ ਹੈ, ਇਸੇ ਲਈ ਇਸ ਸਿਆਸੀ ਵਿੰਗ ਦਾ ਗਠਨ ਕੀਤਾ ਗਿਆ ਹੈ। ਪਟਿਆਲਾ ਅਤੇ ਆਸ-ਪਾਸ ਦੇ ਸ਼ਹਿਰਾਂ ਤੋਂ ਪਹੁੰਚੇ ਬਹਾਵਲਪੁਰ ਭਾਈਚਾਰੇ ਦੇ ਆਗੂਆਂ ਨੇ ਵਿਸ਼ਾਲ ਇਕੱਠ ਵਿੱਚ ਆਪਣੇ ਜੋਸ਼ੀਲੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਦੇਸ਼ ਦੇ ਕੋਨੇ-ਕੋਨੇ ਵਿੱਚ ਵੱਸਦੇ ਸਾਡੇ ਸਮਾਜ ਦੇ ਬੱਚੇ, ਬੁੱਢੇ ਜਾਂ ਨੌਜਵਾਨ ਹਰ ਪੱਖੋਂ ਦੇਸ਼ ਦੀ ਤਰੱਕੀ ਵਿੱਚ ਸਹਾਈ ਹੋ ਰਹੇ ਹਨ।
ਇਸ ਮੌਕੇ ਸਮਾਣਾ ਤੋਂ ਪ੍ਰਧਾਨ ਰਾਜ ਕੁਮਾਰ ਸਚਦੇਵਾ, ਹਰਿੰਦਰ ਭਟੇਜਾ, ਪਾਸ਼ੀ ਲਾਲ, ਸੰਜੇ ਮੰਤਰੀ, ਭੀਮ ਦੁਆ, ਰਜਿੰਦਰ ਸਚਦੇਵਾ, ਅਸ਼ੋਕ ਵਧਵਾ, ਰਮੇਸ਼ ਗੋਗੀਆ, ਰਾਜਪੁਰਾ ਤੋਂ ਸ਼ਾਮ ਸੁੰਦਰ ਵਧਵਾ, ਨਾਭਾ ਤੋਂ ਅਸ਼ੋਕ ਕਿੰਗਰ ਅਤੇ ਅਰੁਣ ਧਵਨ, ਬਲਦੇਵ ਹਸੀਜਾ, ਮੰਡੀ ਗੋਬਿੰਦਗੜ੍ਹ ਤੋਂ ਪ੍ਰਧਾਨ ਕੰਵਲ ਨੈਣ, ਰਘਬੀਰ ਜੁਨੇਜਾ ਅਤੇ ਲਾਲੜੂ ਮੰਡੀ ਤੋਂ ਰੋਹਿਤ ਰਤਨ ਬੱਸੀ, ਕਿਸ਼ੋਰੀ ਲਾਲ ਪਠਾਣਾ ਅਤੇ ਓਮ ਪ੍ਰਕਾਸ਼ ਮੁਖੇਜਾ, ਸਤਪਾਲ ਪੋਪਲੀ, ਪਟਿਆਲਾ ਤੋਂ ਮਹਿੰਦਰ ਗੋਗੀਆ, ਕਮਲ ਗਾਬਾ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਰਹੀਆਂ।